ਵਿਰਾਸਤ-ਏ-ਖਾਲਸਾ ਬਣਿਆ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ, ‘ਏਸ਼ੀਆ ਬੁੱਕ ਆਫ ਰਿਕਾਰਡਜ਼’ ‘ਚ ਨਾਮ ਹੋਇਆ ਦਰਜ

FOR ENGLISH VERSION CLICK HERE
ਮਹਿਜ਼ ਸਾਢੇ 7 ਵਰਿਆਂ ‘ਚ ਸੈਲਾਨੀਆਂ ਦੀ ਗਿਣਤੀ ਇੱਕ ਕਰੋੜ ਤੋਂ ਟੱਪੀ, ਵਿਸ਼ਵ ਰਿਕਾਰਡ ਬਨਾਉਣ ਹੋਵੇਗਾ ਅਗਲਾ ਟੀਚਾ


1Y2A6718


ਪੰਜਾਬ ਸਰਕਾਰ ਵੱਲੋਂ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ ‘ਵਿਰਾਸਤ-ਏ-ਖਾਲਸਾ’ ਹੁਣ ਭਾਰਤ ਤੋਂ ਬਾਅਦ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ ਨਾਮ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ‘ਚ ਦਰਜ ਹੋ ਗਿਆ ਹੈ।

ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ.ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਸਮੁੱਚੇ ਏਸ਼ੀਆ ਵਿੱਚ ਵਿਰਾਸਤ-ਏ-ਖਾਲਸਾ ਹੁਣ ਤੱਕ ਦਾ ਇਕਲੌਤਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ।

ਇਸ ਸਾਲ ਵਿੱਚ ਇਹ ਵਿਰਾਸਤ-ਏ-ਖਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈ ਜੋ ਕਿ ‘ਲਿਮਕਾ ਬੁੱਕ ਆਫ ਰਿਕਾਰਡਜ਼ -ਫਰਵਰੀ 2019 ਅਡੀਸ਼ਨ’ ਅਤੇ ‘ਇੰਡੀਆ ਬੁੱਕ ਆਫ ਰਿਕਾਰਡਜ਼ -2020 ਅਡੀਸ਼ਨ ‘ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਪੰਜਾਬ ਤੇ ਸਿੱਖੀ ਦੇ ਸ਼ਾਨਮੱਤੇ ਤੇ ਲਾਸਾਨੀ ਇਤਿਹਾਸ ਅਤੇ ਸਭਿਆਚਾਰ ਦੀ ਯਾਦਗਾਰ ਵਜੋਂ ਬਣਾਏ ਗਏ ‘ਵਿਰਾਸਤ-ਏ-ਖਾਲਸਾ’ ਦੇ ਦਰਸ਼ਨਾਂ ਲਈ ਆਉਣ ਵਾਲਿਆਂ ਦੀ ਗਿਣਤੀ  ਪਿਛਲੇ 7.5 ਸਾਲਾਂ ਵਿੱਚ 1 ਕਰੋੜ ਤੋਂ ਟੱਪ ਚੁੱਕੀ ਹੈ  ਜੋ ਕਿ  ਪੰਜਾਬ ਲਈ ਮਾਣਮੱਤੀ ਗੱਲ ਹੈ। ਵਿਰਾਸਤ-ਏ-ਖਾਲਸਾ ਸੈਲਾਨੀਆਂ ਦੀ ਆਮਦ, ਪ੍ਰਤਿਸ਼ਠਾ, ਵਿਸ਼ਵ ਪੱਧਰੀ ਤਕਨੀਕ, ਲੋਕਪ੍ਰਿਅਤਾ, ਅੱਵਲ ਦਰਜੇ ਦੇ ਬੁਨਿਆਦੀ ਢਾਂਚੇ, ਸੁਚੱਜੇ ਪ੍ਰਬੰਧਨ ਤੇ ਬਿਹਤਰ ਰੱਖਰਖਾਵ ਕਰਕੇ ਲੱਖਾਂ-ਕਰੋੜਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਨਾ ਕੇਵਲ ਦੇਸ਼ ਵਿੱਚੋਂ ਸਗੋਂ ਵਿਦੇਸ਼ਾਂ ਦੇ ਪ੍ਰਧਾਨ ਮੰਤਰੀਆਂ  ਅਤੇ ਰਾਸ਼ਟਰਪਤੀਆਂ ਦਾ ਵਿਰਾਸਤ-ਏ-ਖਾਲਸਾ ਦੇ ਦਰਸ਼ਨਾਂ ਲਈ ਆਉਣਾ ਇੱਕ ਮਾਣ ਵਾਲੀ ਗੱਲ ਜਿਸ ਕਰਕੇ ਅਜਾਇਬ ਘਰ ਪੂਰੇ ਮਹਾਂਦੀਪ ਵਿੱਚ ਮਕਬੂਲ ਹੁੰਦਾ ਜਾ ਰਿਹਾ ਹੈ।

ਇਨ੍ਹਾਂ ਵਿਸ਼ੇਸ਼ਤਾਵਾਂ ਕਰਕੇ ਵਿਰਾਸਤ-ਏ-ਖਾਲਸਾ ਆਰਚੀਟੈਕਟਾਂ ਤੇ ਵਿਦਿਆਰਥੀਆਂ ਲਈ ਕੇਸ-ਸਟੱਡੀ ਦਾ ਵਿਸ਼ਾ ਬਣ ਗਿਆ ਹੈ। ਆਪਣੇ ਵਿਸ਼ਵ ਪੱਧਰੀ ਮਿਆਰਾਂ ਤੇ ਵਿਲੱਖਣਤਾਵਾਂ ਸਦਕਾ ਵਿਰਾਸਤ-ਏ-ਖਾਲਸਾ ਦਰਸ਼ਨਾ ਲਈ ਆਏ ਸੈਲਾਨੀਆਂ ਨੂੰ ਵਿਜ਼ਟਰ ਬੁੱਕ ਵਿੱਚ ਸ਼ਲਾਘਾ ਤੇ ਸ਼ਰਧਾ ਦੀ ਸਹੀ ਪਾਉਣ ਲਈ ਮਜਬੂਰ ਕਰ ਦਿੰਦਾ ਹੈ।

ਇੱਕ ਸੰਕਲਪ ਲੈਂਦਿਆਂ ਸ੍ਰੀ.ਚਰਨਜੀਤ ਸਿੰਘ ਚੰਨੀ ਨੇ ਕਿਹਾ ਮੰਤਰਾਲਾ (ਸਭਿਆਚਾਰਕ ਮਾਮਲੇ) ਵਿਰਾਸਤ-ਏ-ਖਾਲਸਾ ਨੂੰ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਹੈ ਅਤੇ ਹੁਣ ਇਸ ਮਹਾਨ ਅਜਾਇਬ ਘਰ ਨੂੰ ਇੱਕ ਅਦਾਰੇ ਦੀ ਸ਼ਕਲ ਦੇਣ ਦਾ ਸਮਾਂ ਆਣ ਢੁੱਕਿਆ ਹੈ।

ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ  ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਨੇ ਕਈ ਹੋਰ ਪੱਖਾਂ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ) ਵੱਲੋਂ ਕਰਵਾਏ ਗਏ ‘ਸਟੇਟ ਲੈਵਲ ਐਨਰਜੀ ਕੰਸਰਵੇਸ਼ਨ ਐਵਾਰਡ’ ਮੁਕਾਬਲੇ ਵਿੱਚ ਬਿਜਲੀ ਦੀ ਸਹੀ ਵਰਤੋਂ ਤੇ ਬਿਹਤਰ ਪ੍ਰਬੰਧਨ ਲਈ ਵਿਰਾਸਤ-ਏ-ਖਾਲਸਾ ਨੇ ਦੂਜਾ ਇਨਾਮ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਵਾਲੇ ਦਿਨ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਆਰਥਿਕਤਾ ਵਿੱਚ ਇੱਕ ਵੱਡਾ ਹੁਲਾਰਾ ਦੇਖਣ ਨੂੰ ਮਿਲਿਆ ਹੈ।

ਸਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਸ੍ਰੀ ਮਲਵਿੰਦਰ ਸਿੰਘ ਜੱਗੀ ਜਿਨ੍ਹਾਂ ਕੋਲ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਸਾਧਕ ਅਫ਼ਸਰ ਦਾ ਵਾਧੂ ਚਾਰਜ ਵੀ ਹੈ, ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ 22 ਨਵੰਬਰ,1998 ਨੂੰ ਰੱਖਿਆ ਗਿਆ ਸੀ ਜਦਕਿ ਰਸਮੀ ਉਦਘਾਟਨ ਅਪ੍ਰੈਲ 2006 ਵਿੱਚ ਮੌਜੂਦਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਅਜਾਇਬ ਘਰ ਦੇ ਪਹਿਲੇ ਪੜਾਅ ਦਾ ਉਦਘਾਟਨ 25 ਨਵੰਬਰ, 2011 ਨੂੰ ਅਤੇ ਦੂਜਾ ਪੜਾਅ 5 ਸਾਲ ਬਾਅਦ , 25 ਨਵੰਬਰ, 2016 ਨੂੰ ਲੋਕ ਅਰਪਣ ਕੀਤਾ ਗਿਆ।

Leave a comment