ਪੰਜਾਬ ਆਨ ਲਾਈਨ ਰਜਿਸਟਰੀਆਂ ਕਰਨ ਵਾਲਾ ਪਹਿਲਾ ਸੂਬਾ ਬਣਿਆ

 • ਮੁੱਖ ਮੰਤਰੀ 27 ਜੂਨ ਨੰ ਕਰਨਗੇ ਰਾਜ ਪੱਧਰੀ ਆਨ ਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ
 • ‘ਤਤਕਾਲ’ ਸੁਵਿਧਾ ਵੀ ਜਲਦ ਹੋਵੇਗੀ ਸ਼ੁਰੂ- ਸੁਖਬਿੰਦਰ ਸਿੰਘ ਸਰਕਾਰੀਆ

registਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਜੂਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਨੂੰ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ ਕਰਨਗੇ, ਜਿਸ ਨਾਲ ਸਾਰੇ ਪੰਜਾਬ ਵਿਚ ਆਨ ਲਾਈਨ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਕਲਾਊਡ-ਬੇਸਡ ਐਨ.ਜੀ.ਡੀ.ਆਰ.ਐਸ (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਪ੍ਰਣਾਲੀ ਰਾਹੀਂ ਹੋਣ ਵਾਲੀਆਂ ਆਨ ਲਾਈਨ ਰਜਿਸਟਰੀਆਂ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰੀ ਅਤੇ ਦਫਤਰਾਂ ਦੇ ਵਾਧੂ ਚੱਕਰਾਂ ਤੋਂ ਨਿਜਾਤ ਮਿਲੇਗੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਨ ਲਾਈਨ ਰਜਿਸਟਰੀਆਂ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਮੋਗਾ ਅਤੇ ਆਦਮਪੁਰ ਤੋਂ ਕੀਤੀ ਸੀ ਅਤੇ ਸਿਰਫ ਅੱਠ ਮਹੀਨਿਆਂ ਦੇ ਸਮੇਂ ਵਿਚ ਇਸ ਪ੍ਰੋਜੈਕਟ ਨੂੰ 21 ਜ਼ਿਲ੍ਹਿਆਂ ਦੇ 162 ਸਬ-ਰਜਿਸਟਰਾਰ ਦਫਤਰਾਂ ਵਿਚ ਲਾਗੂ ਕੀਤਾ ਜਾ ਚੁੱਕਾ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ੁਰੂ ਹੋਣ ਬਾਅਦ ਇਸ ਪ੍ਰੋਜੈਕਟ ਅਧੀਨ ਸਾਰਾ ਪੰਜਾਬ ਆ ਜਾਵੇਗਾ।

ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕਾਗਜ਼ ਮੁਕਤ ਅਤੇ ਲੋਕ ਪੱਖੀ ਇਸ ਪ੍ਰੋਜੈਕਟ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਅਤੇ ਇਸ ਨਾਲ ਪਾਰਦਰਸ਼ਤਾ ਆਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਮੁਸ਼ਕਿਲ ਰਹਿਤ ਅਤੇ ਖੱਜਲ-ਖੁਆਰੀ ਮੁਕਤ ਪ੍ਰਸ਼ਾਸਨ ਦੇਵੇਗੀ ਅਤੇ ਆਨ ਲਾਈਨ ਰਜਿਸਟਰੀਆਂ ਦੇ ਇਸ ਪ੍ਰੋਜੈਕਟ ਨੇ ਸਰਕਾਰ ਵਿਚ ਲੋਕਾਂ ਦਾ ਵਿਸ਼ਵਾਸ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਦੀ ਰਜਿਸਟਰੀ ਲਈ ਸਮਾਂ ਲੈਣ ਦੀ ‘ਤਤਕਾਲ’ ਸੁਵਿਧਾ ਵੀ ਜਲਦ ਸ਼ੁਰੂ ਕੀਤੀ ਜਾਵੇਗੀ।

ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਹੁਣ ਤੱਕ 90486 ਆਨ ਲਾਈਨ ਰਜਿਸਟਰੀਆਂ ਹੋ ਚੁੱਕੀਆਂ ਹਨ। ਆਨ ਲਾਈਨ ਰਜਿਸਟ੍ਰੇਸ਼ਨ ਲਈ ਵੈੱਬਸਾਈਟ www.revenue.punjab.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੈਨੂਅਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਥਾਂ ‘ਤੇ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਅਪਣਾਉਣ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬਹੁਤ ਸਰਲ ਅਤੇ ਸੁਖਾਲੀ ਹੈ।

ਇਸ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਲੋਕਾਂ ਨੂੰ ਚੌਵੀ ਘੰਟੇ ਰਜਿਸਟ੍ਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅੱਪਲੋਡ ਕਰਨ ਦੀ ਸਹੂਲਤ, ਆਟੋਮੈਟਿਕ ਸਟੈਂਪ ਡਿਊਟੀ ਕੈਲਕੂਲੇਟ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ ‘ਤੇ ਅਧਾਰਿਤ ਰਜਿਸਟ੍ਰੇਸ਼ਨ ਫੀਸ ਅਤੇ ਹੋਰ ਫੀਸਾਂ ਦੀ ਜਾਣਕਾਰੀ ਤੋਂ ਇਲਾਵਾ ਵਸੀਕਾ ਨਵੀਸਾਂ ਉੱਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਿਲ ਹੈ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇੱਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਧੜੀ ਦਾ ਕੋਈ ਖਦਸ਼ਾ ਨਾ ਰਹੇ। ਇਸ ਪ੍ਰਣਾਲੀ ਰਾਹੀਂ ਮੁਲਾਕਾਤ ਲਈ ਆਨ-ਲਾਈਨ ਸਮਾਂ ਲੈਣ ਦੀ ਸੁਵਿਧਾ ਹੈ ਜਿਸ ਨਾਲ ਲੋਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟ੍ਰੇਸ਼ਨ ਲਈ ਸਮਾਂ ਅਤੇ ਤਾਰੀਖ ਲੈ ਸਕਦੇ ਹਨ।

ਡੀਡ ਰਾਈਟਰਾਂ ਵੱਲੋਂ ਲਿਖੇ ਜਾਂਦੇ ਦਸਤਾਵੇਜ਼ਾਂ ਨੂੰ ਵੀ ਆਨ ਲਾਈਨ ਵੈੱਬਸਾਈਟ ‘ਤੇ ਪਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਫਾਲਤੂ ਪੈਸਾ ਨਾ ਖਰਚਣਾ ਪਵੇ। ਅਜਿਹੇ 16 ਦਸਤਾਵੇਜ਼ਾਂ ਨੂੰ ਉਪਭੋਗਤਾ ਵੈੱਬਸਾਈਟ ਤੋਂ ਮੁਫਤ ਡਾਊਨਲੋਡ ਕਰ ਸਕਦਾ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਮਨਸੂਖੀ ਵਸੀਅਤ ਨਾਮਾ, ਮਨਸੂਖੀ ਮੁਖਤਾਰ ਨਾਮਾ ਆਮ, ਹਿਬਾ/ਦਾਨ ਪਾਤਰ ਨਾਮਾ, ਗਹਿਣੇ/ਰਹਿਣ ਨਾਮਾ ਕਬਜ਼ਾ, ਇਕਰਾਰ ਨਾਮਾ, ਤਕਸੀਮ ਨਾਮਾ, ਸੋਧ ਰਜਿਸਟਰੀ ਨਾਮਾ, ਵਸੀਅਤ ਨਾਮਾ, ਵਿਕਰੀ ਨਾਮਾ ਗਹਿਣੇ ਅਧੀਨ/ਬੈ ਬਕਾਇਦਗੀ ਰਹਿਣ, ਵਿਕਰੀ ਨਾਮਾ (ਗਹਿਣੇ ਦੇ ਹੱਕ), ਵਿਕਰੀ ਨਾਮਾ/ਬੈ ਨਾਮਾ, ਤਬਾਦਲਾ ਨਾਮਾ, ਮੁਖਤਿਆਰ ਨਾਮਾ ਆਮ, ਪੱਟਾ/ਕਿਰਾਇਆ/ਰੈਂਟ ਨਾਮਾ, ਗਹਿਣੇ ਨਾਮਾ ਬਿਲਾ ਕਬਜ਼ਾ ਅਤੇ ਗੋਦ ਨਾਮਾ ਪ੍ਰਮੁੱਖ ਹਨ।

ਮੁੱਖ ਮੰਤਰੀ ਵੱਲੋਂ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਨੂੰ ਵੀਡੀਓ ਕਾਨਫਰੰਸ ਰਾਹੀਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ੁਰੂ ਕਰਨ ਮੌਕੇ ਮਾਲ ਵਿਭਾਗ ਨਾਲ ਸਬੰਧਤ ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਤੋਂ ਇਲਾਵਾ ਸੂਬੇ ਦੀਆਂ ਸਾਰੀਆਂ ਡਵੀਜ਼ਨਾਂ ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਜ਼ ਤੋਂ ਇਲਾਵਾ ਐਨਆਈਸੀ ਪੁਣੇ, ਦਿੱਲੀ ਅਤੇ ਪੰਜਾਬ ਦੇ ਅਧਿਕਾਰੀ ਵੀ ਹਾਜ਼ਰ ਰਹਿਣਗੇ।

ਮਿੱਟੀ ਦੀ ਪਰਖ ਨੇ ਕੀਤਾ ਕਿਸਾਨਾਂ ਦੀ ਖੁਸ਼ਹਾਲੀ ‘ਚ ਵਾਧਾ

 • ਪਰਖ਼ ਕਰਵਾਉਣ ਕਰ ਕੇ ਖਾਦਾਂ ‘ਤੇ ਹੋ ਰਿਹਾ ਬੇਲੋੜਾ ਖ਼ਰਚ ਘਟਿਆ
 • ਕਿਸਾਨਾਂ ਦੀ ਮਾਲੀ ਹਾਲਤ ਵਿੱਚ ਹੋਣ ਲੱਗਿਆ ਸੁਧਾਰ 

”ਜੇ ਮੈਂ ਮਿੱਟੀ ਦੀ ਪਰਖ ਨਾ ਕਰਵਾਉਂਦਾ ਤਾਂ ਮੈਂ ਇੱਕ ਏਕੜ ‘ਚ 25 ਕਿੱਲੋ ਡੀਏਪੀ ਅਤੇ 20 ਕਿੱਲੋ ਜ਼ਿੰਕ ਸਲਫ਼ੇਟ ਪਾ ਦੇਣਾ ਸੀ,  ਜਿਸ ‘ਤੇ  1,500 ਰੁਪਏ ਪ੍ਰਤੀ ਏਕੜ ਬੇਲੋੜਾ ਖਰਚ ਹੋਣਾ ਸੀ, ਜੋ ਕਿ ਹੁਣ ਬਚ ਗਿਆ। ਸੋ ਮੈਂ ਦੂਸਰੇ ਕਿਸਾਨਾਂ ਨੂੰ ਵੀ ਮਿੱਟੀ ਤੇ ਪਾਣੀ, ਦੋਵਾਂ ਦੀ ਪਰਖ ਕਰਵਾਉਣ ਉਪਰੰਤ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਕਿਸਾਨ ਜ਼ਮੀਨ ਦੀ ਸਿਹਤ ਤੇ ਆਪਣੀ ਆਰਥਕ ਹਾਲਤ, ਦੋਵੇਂ ਠੀਕ ਰੱਖ ਸਕਣ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਠੀਕਰੀਵਾਲ ਦੀ ਪੱਤੀ ਢਿੱਲੋਂ ਦੇ ਕਿਸਾਨ ਮਨਦੀਪ ਸਿੰਘ ਨੇ ਤਕਰੀਬਨ ਹਫ਼ਤਾ ਕੁ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਦਾ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਬਰਨਾਲਾ ਦੇ ਦਫ਼ਤਰ ਸਥਿਤ ਭੌਂ ਪਰਖ ਲੈਬਾਰਟਰੀ ‘ਚ ਦਿੱਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ। 

IMG_7111ਮਨਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਵਾਂਙ ਪਹਿਲਾਂ ਉਹ ਵੀ ਦੇਖਾ ਦੇਖੀ ਹੀ ਬਿਨਾਂ ਲੋੜ ਤੋਂ ਜ਼ਿੰਕ ਅਤੇ ਪੋਟਾਸ਼ ਖੇਤਾਂ ਵਿੱਚ ਸੁੱਟਦਾ ਸੀ, ਜਿਸ ਨਾਲ ਲਾਗਤ ਵਿੱਚ ਬਹੁਤ ਵਾਧਾ ਹੁੰਦਾ ਹੈ। ਮਿੱਟੀ ਦਾ ਟੈੱਸਟ ਕਰਵਾਉਣ ਸਦਕਾ ਉਸ ਦੇ ਪੈਸੇ ਤਾਂ ਬਚੇ ਹੀ ਹਨ ਸਗੋਂ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੋਇਆ ਹੈ। 

ਇਸ ਦੇ ਨਾਲ ਹੀ ਪਿੰਡ ਰਾਜੀਆ ਦੇ ਕਿਸਾਨ ਬਲਜਿੰਦਰ ਸਿੰਘ ਅਤੇ ਪਿੰਡ ਕਾਹਨੇਕੇ ਦੇ ਕਿਸਾਨ ਮਨਪ੍ਰੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸੰਤੁਲਤ ਰੂਪ ‘ਚ ਰਸਾਇਣਕ ਖਾਦਾਂ ਦੀ ਵਰਤੋਂ ਲਈ ਮਿੱਟੀ-ਪਾਣੀ ਦੀ ਪਰਖ ਕਰਵਾਈ ਗਈ ਹੈ ਅਤੇ ਉਹ ਰਿਪੋਰਟ ਅਨੁਸਾਰ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਖਾਦਾਂ ਦੀ ਵਰਤੋਂ ਸਿਫ਼ਾਰਸ਼ਸੁਦਾ ਹੱਦ ਤੱਕ ਹੀ ਕਰਨਗੇ। 

ਮੁੱਖ ਖੇਤੀਬਾੜੀ ਅਫ਼ਸਰ ਡਾ. ਰਛਪਾਲ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਦੇ ਜਿਲ੍ਹਾ ਪੱਧਰ ‘ਤੇ ਖੇਤੀਬਾੜੀ ਦਫ਼ਤਰਾਂ ‘ਚ ਭੂਮੀ ਪਰਖ ਲੈਬਾਂ ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਮਿੱਟੀ ਅਤੇ ਬੋਰ ਦੇ ਪਾਣੀ ਦੀ ਪਰਖ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੈਬ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਵਿੱਚ ਟੈਸਟਿੰਗ ਕਰਨ ਉਪਰੰਤ ‘ਸਾਇਲ ਹੈਲਥ ਕਾਰਡ’ ਬਣਾ ਕੇ ਕਿਸਾਨ ਨੂੰ ਜ਼ਮੀਨ ‘ਚ ਮੌਜੂਦ ਯੂਰੀਆ, ਡੀ.ਏ.ਪੀ., ਪੋਟਾਸ਼, ਜ਼ਿੰਕ, ਮੈਗਨੀਜ਼, ਕਾਪਰ, ਲੋਹਾ ਅਤੇ ਹੋਰ ਤੱਤਾਂ ਦੀ ਮਾਤਰਾ ਦੱਸੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਠੀਕ ਰੱਖਣ ਲਈ ਕਿਸਾਨਾਂ ਨੂੰ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਕਿਹੜੇ ਤੱਤਾਂ ਦੀ ਵਰਤੋਂ ਉਨ੍ਹਾਂ ਨੇ ਕਿੰਨੀ, ਕਿਵੇਂ ਅਤੇ ਕਦੋਂ ਕਰਨੀ ਹੈ। ਉਦਾਹਰਨ ਲਈ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦੇ ਖੇਤ ਵਿੱਚ ਜ਼ਿੰਕ ਦੀ ਘਾਟ ਹੈ ਤਾਂ ਉਸ ਨੂੰ 21 ਫ਼ੀਸਦ ਜ਼ਿੰਕ 20 ਕਿਲੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕੱਦੂ ਕਰਨ ਤੋਂ 7 ਦਿਨਾਂ ਦੇ ਅੰਦਰ-ਅੰਦਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਭੂਮੀ ਪਰਖ ਲੈਬ ਦੇ ਇੰਚਾਰਜ ਡਾ. ਸਰਬਜੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 97 ਪ੍ਰਤੀਸ਼ਤ ਖੇਤਾਂ ਵਿੱਚ ਫ਼ਾਸਫ਼ੋਰਸ ਦੀ ਮਾਤਰਾ ਬਹੁਤ ਹੈ ਅਤੇ ਇਸ ਕਰ ਕੇ ਕਿਸਾਨ ਮਿੱਟੀ ਦੀ ਪਰਖ ਕਰਵਾਉਣ ਤੋਂ ਬਿਨਾਂ ਝੋਨੇ ਵਿੱਚ ਡੀ.ਏ.ਪੀ ਖਾਦ ਨਾ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 99 ਪ੍ਰਤੀਸ਼ਤ ਖੇਤਾਂ ਵਿੱਚ ਪੋਟਾਸ਼, ਕਾਪਰ ਅਤੇ ਸਲਫ਼ਰ ਅਤੇ 94 ਪ੍ਰਤੀਸ਼ਤ ਖੇਤਾਂ ਵਿੱਚ ਮੈਗਨੀਜ਼ ਬਹੁਤ ਹੈ। ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਇਹਨਾਂ ਖਾਦਾਂ ਦੀ ਝੋਨੇ ਵਿੱਚ ਵਰਤੋਂ ਨਾ ਕਰ ਕੇ ਆਪਣੇ ਪੈਸੇ ਬਚਾ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਯੂਰੀਆ ਖਾਦ ਇੱਕ ਵਾਰ ਵਿੱਚ 25 ਕਿਲੋ ਤੋਂ ਵੱਧ ਨਾ ਪਾਇਆ ਜਾਵੇ ਅਤੇ ਉਹ ਵੀ ਸ਼ਾਮ ਵੇਲੇ ਘੱਟੋ-ਘੱਟ ਪਾਣੀ ਵਿੱਚ ਪਾਇਆ ਜਾਵੇ। ਇਸ ਤਰ੍ਹਾਂ ਕਿਸਾਨ ਯੂਰੀਆ ਦੀ ਘੱਟ ਵਰਤੋਂ ਕਰ ਕੇ ਵੀ ਵਧੀਆ ਫ਼ਸਲ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਆਪਣੀ ਮਿਟੀ ਦੀ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਰਸਾਇਣਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਵਾਤਾਵਰਣ ਦੀ ਸੰਭਾਲ ‘ਚ ਵੀ ਯੋਗਦਾਨ ਪਾਉਣ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਇੱਕ ਚੰਗਾ ਉਪਰਾਲਾ ਹੈ ਪਰ ਇਸਦੇ ਨਾਲ ਹੀ ਪ੍ਰਦੂਸ਼ਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਵੱਧ ਤੋਂ ਵੱਧ ਰੁੱਖ ਵੀ ਲਾਉਣ।

ਪੰਜਾਬ ਸਰਕਾਰ ਦੇ ਯਤਨਾ ਸਦਕਾ ਬਟਾਲਾ ਦੇ ਬੱਕਰੀਆਂ ਪਾਲਣ ਵਾਲੇ ਦੇਸ ਰਾਜ ਸਿੰਘ ਨੂੰ ਮਿਲੀ ਰਾਸ਼ਟਰੀ ਪੱਧਰ ’ਤੇ ਪਹਿਚਾਣ

 • ਮਾਝਾ ਖੇਤਰ ਦੀ ਬੱਕਰੀਆਂ ਦੀ ਬੀਟਲ ਨਸਲ ਨੂੰ ਦੂਸਰੇ ਰਾਜਾਂ ਦੀਆਂ ਸਰਕਾਰਾਂ ਕਰਨ ਲੱਗੀਆਂ ਪ੍ਰਫੂਲਤ
 • ਦੇਸਰਾਜ ਨੇ ਬੱਕਰੀ ਪਾਲਣ ਦੇ ਕਿੱਤੇ ਤੋਂ ਚੰਗੀ ਆਮਦਨ ਕਮਾਈ

IMG_20180622_110736993ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦੇ ਬੱਕਰੀਆਂ ਪਾਲਣ ਵਾਲੇ ਦੇਸ ਰਾਜ ਸਿੰਘ ਨੂੰ ਪੰਜਾਬ ਸਰਕਾਰ ਦੇ ਯਤਨਾ ਸਕਦਾ ਰਾਸ਼ਟਰੀ ਪੱਧਰ ਤੱਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਬੱਕਰੀਆਂ ਚਾਰਨ ਦਾ ਪਿਤਾ ਪੁਰਖੀ ਧੰਦਾ ਕਰਨ ਵਾਲਾ ਦੇਸ ਰਾਜ ਸਿੰਘ ਅੱਜ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀ ਸਹਾਇਤਾ ਨਾਲ ਸਫਲ ਬੱਕਰੀ ਪਾਲਕ ਵਜੋਂ ਉਭਰਿਆ ਹੈ ਅਤੇ ਉਹ ਬੱਕਰੀਆਂ ਪਾਲਣ ਦੇ ਧੰਦੇ ਤੋਂ ਸਲਾਨਾ 8 ਲੱਖ ਰੁਪਏ ਤੱਕ ਆਮਦਨ ਕਮਾ ਰਿਹਾ ਹੈ।

ਦੇਸ ਰਾਜ ਸਿੰਘ ਕੋਲ ਬੀਟਲ ਨਸਲ ਦੀਆਂ ਬੱਕਰੀਆਂ ਹਨ, ਜੋ ਸਿਰਫ਼ ਪੰਜਾਬ ਦੇ ਮਾਝਾ ਖੇਤਰ ਦੀ ਪੈਦਾਵਾਰ ਹੈ ਅਤੇ ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮੀਟ ਵਿਚ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਜਰੀਏ ਅਸਾਮ ਸਰਕਾਰ, ਜੰਮੂ ਕਸ਼ਮੀਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮਖਦੂਮ ਵਿਖੇ ਬੱਕਰੀਆਂ ਦੇ ਰਾਸ਼ਟਰੀ ਰਿਸਰਚ ਕੇਂਦਰ ਵਲੋਂ ਦੇਸ ਰਾਜ ਸਿੰਘ ਦੀਆਂ ਬੱਕਰੀਆਂ ਨੂੰ ਖੋਜ਼ ਲਈ ਵਿਸ਼ੇਸ਼ ਤੌਰ ’ਤੇ ਖਰੀਦ ਕੇ ਲਿਜਾਇਆ ਗਿਆ ਹੈ।

ਬੱਕਰੀ ਪਾਲਕ ਦੇਸ ਰਾਜ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਨੇ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਇਸ ਧੰਦੇ ਦਾ ਵਿਸਥਾਰ ਕਰਨ ਦੀ ਸੋਚੀ ਅਤੇ ਉਸ ਨੂੰ ਪੰਜਾਬ ਸਰਕਾਰ ਵਲੋਂ 1 ਲੱਖ ਰੁਪਏ ਦਾ ਕਰਜਾ ਮਿਲਿਆ। ਉਸ ਨੇ 1 ਲੱਖ ਰੁਪਏ ਦੀ ਲਾਗਤ ਨਾਲ ਆਪਣੀਆਂ ਬੱਕਰੀਆਂ ਲਈ ਵਾੜਾ ਤਿਆਰ ਕਰਨ ਦੇ ਨਾਲ ਕੁਝ ਨਵੀਆਂ ਬੱਕਰੀਆਂ ਖਰੀਦੀਆਂ ਅਤੇ ਵਿਭਾਗ ਦੀ ਸਲਾਹ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸ ਰਾਜ ਨੇ ਦੱਸਿਆ ਕਿ ਉਸਨੇ 1 ਲੱਖ ਦਾ ਕਰਜਾ ਵਾਪਸ ਕਰ ਦਿੱਤਾ ਅਤੇ ਉਸ ਨੂੰ ਸਰਕਾਰ ਵਲੋਂ 33 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲੀ।

ਦੇਸ ਰਾਜ ਸਿੰਘ ਨੇ ਦੱਸਿਆ ਕਿ ਉਸ ਕੋਲ ਹੁਣ 70 ਦੇ ਕਰੀਬ ਬੱਕਰੀਆਂ ਹਨ, ਜਿਨਾਂ ਵਿਚੋਂ ਕਰੀਬ 25 ਕੁ ਬੱਕਰੀਆਂ ਦੁੱਧ ਦੇ ਰਹੀਆਂ ਹਨ। ਉਸ ਨੇ ਦੱਸਿਆ ਕਿ ਇੱਕ ਬੱਕਰੀ ਰੋਜ਼ਾਨਾ 4 ਤੋਂ 5 ਕਿਲੋ ਦੁੱਧ ਦਿੰਦੀ ਹੈ ਅਤੇ ਬੱਕਰੀ ਦਾ ਦੁੱਧ 100 ਰੁਪਏ ਲੀਟਰ ਦੇ ਹਿਸਾਬ ਨਾਲ ਪਿੰਡ ਦੇ 10 ਘਰਾਂ ਵਿੱਚ ਪੱਕਾ ਲੱਗਾ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਬਾਕੀ ਵਧਿਆ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਦੇਸ ਰਾਜ ਸਿੰਘ ਨੇ ਦੱਸਿਆ ਕਿ ਉਹ ਬੱਕਰੀਆਂ ਨੂੰ ਚਾਰਨ ਤੋਂ ਇਲਾਵਾ ਇਨਾਂ ਨੂੰ ਪਸ਼ੂ ਪਾਲਣ ਵਿਭਾਗ ਦੀ ਸਲਾਹ ਨਾਲ ਵਿਸ਼ੇਸ਼ ਫੀਡ ਆਦਿ ਵੀ ਦਿੰਦੇ ਹਨ। ਦੇਸ ਰਾਜ ਸਿੰਘ ਆਪਣੀ ਬੀਟਲ ਨਸਲ ਦੀਆਂ ਬੱਕਰੀਆਂ ਸਦਕਾ ਰਾਸ਼ਟਰੀ ਪੱਧਰ ਦੇ ਪਸ਼ੂ ਧੰਨ ਮੁਕਾਬਲਿਆਂ ਵਿੱਚ ਨਸਲ ਅਤੇ ਦੁੱਧ ਚੋਆਈ ਵਿੱਚ ਮੋਹਰੀ ਰਹਿ ਕੇ ਕਈ ਇਨਾਮ ਜਿੱਤ ਚੁੱਕਾ ਹੈ। ਦੇਸ ਰਾਜ ਆਪਣੇ ਇਸ ਧੰਦੇ ਤੋਂ ਬਹੁਤ ਸੰਤੁਸ਼ਟ ਹੈ ਅਤੇ ਉਹ ਇਸ ਧੰਦੇ ਤੋਂ ਚੰਗੀ ਆਮਦਨ ਕਮਾ ਰਿਹਾ ਹੈ।

      ਪਿੰਡ ਮੂਲਿਆਂਵਾਲ ਦੇ ਪਸ਼ੂ ਹਸਪਤਾਲ ਦੇ ਡਾਕਟਰ ਸਿਕੰਦਰ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਬੀਟਲ ਨਸਲ ਮਾਝਾ ਖੇਤਰ ਦੀ ਜੱਦੀ ਨਸਲ ਹੈ, ਦੇਸ਼ ਭਰ ਵਿੱਚ ਬੱਕਰੀਆਂ ਦੀਆਂ ਜੋ ਹੋਰ ਕਿਸਮਾਂ ਹਨ ਜਾਂ ਤਾਂ ਉਹ ਦੁੱਧ ਦੇਣ ਵਿੱਚ ਉੱਤਮ ਹਨ ਜਾਂ ਸਿਰਫ਼ ਮੀਟ ਦੇ ਪੱਖ ਤੋਂ ਚੰਗੀਆਂ ਹਨ, ਜਦਕਿ ਮਾਝੇ ਦੀ ਬੀਟਲ ਨਸਲ ਦੁੱਧ ਅਤੇ ਮੀਟ ਦੋਵਾਂ ਵਿੱਚ ਹੀ ਸਭ ਤੋਂ ਉੱਤਮ ਹੈ। ਉਨਾਂ ਦੱਸਿਆ ਕਿ ਰਾਸ਼ਟਰੀ ਬੱਕਰੀ ਖੋਜ ਕੇਂਦਰ ਵਿੱਚ ਇਸ ਨਸਲ ਉੱਪਰ ਕੰਮ ਚੱਲ ਰਿਹਾ ਹੈ ਅਤੇ ਇਸ ਨਸਲ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪ੍ਰਫੂਲਤ ਕੀਤਾ ਜਾ ਰਿਹਾ ਹੈ। ਡਾ. ਕਾਹਲੋਂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਮੁਨਾਫ਼ੇ ਵਾਲਾ ਕਿੱਤਾ ਹੈ ਅਤੇ ਇਸਨੂੰ ਵਿਗਿਆਨਿਕ ਢੰਗ ਨਾਲ ਸ਼ੁਰੂ ਕਰਕੇ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ। 

 

ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣਿਆ ਇਕ ਸਦੀ ਤੋਂ ਵੱਧ ਪੁਰਾਣਾ ਹੁਸ਼ਿਆਰਪੁਰ ਦਾ ਸਹਿਕਾਰਤਾ ਬੈਂਕ 

 • 1700 ਕਰੋੜ ਰੁਪਏ ਦੀਆਂ ਅਮਾਨਤਾਂ ਨਾਲ ਪੰਜਾਬ ਦੇ ਸਮੂਹ ਬੈਂਕਾਂ ਤੋਂ ਮੋਹਰੀ
 • 66 ਬਰਾਂਚਾਂ ਦੇ ਰਹੀਆਂ ਨੇ ਕਰੀਬ 300 ਵਿਅਕਤੀਆਂ ਨੂੰ ਰੁਜ਼ਗਾਰ 
 • ਸਲਾਨਾ ਲੈਣ-ਦੇਣ ਕਰੀਬ 2400 ਕਰੋੜ ਰੁਪਏ ਅਤੇ ਬੈਂਕ ਨਾਲ ਜੁੜੇ 4 ਲੱਖ ਗ੍ਰਾਹਕ 

ਹੁਸ਼ਿਆਰਪੁਰ ਜਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਵਿੱਚ ਇਹ ਜ਼ਿਲ੍ਹਾ ਸਹਿਕਾਰੀ (ਕੋਆਪ੍ਰੇਟਿਵ) ਲਹਿਰ ਦਾ ਜਨਮਦਾਤਾ ਹੈ। ਸੰਨ 1892 ਵਿੱਚ ਪਿੰਡ ਪੰਜਵੜ, ਊਨਾ ਦੇ ਅਗਾਂਹਵਧੂ ਕਿਸਾਨਾਂ ਨੇ ਇਕ ਸਭਾ ਬਣਾਈ ਸੀ ਅਤੇ ਇਹ ਸਭਾ 1904 ਵਿੱਚ ਇੰਡੀਅਨ ਕੋਆਪ੍ਰੇਟਿਵ ਸੋਸਾਇਟੀਜ਼ ਐਕਟ ਬਣਨ ‘ਤੇ ਬਕਾਇਦਾ ਰਜਿਸਟਰਡ ਕੀਤੀ ਗਈ। ਸਹਿਕਾਰੀ ਬੈਂਕ ਹੁਸ਼ਿਆਰਪੁਰ 27 ਜੁਲਾਈ 1910 ਨੂੰ ਹੋਂਦ ਵਿੱਚ ਆਇਆ ਅਤੇ ਉਸ ਸਮੇਂ ਇਸ ਦੇ 10 ਮੈਂਬਰ ਅਤੇ 2 ਬਰਾਂਚਾਂ ਹੀ ਕੰਮ ਕਰਦੀਆਂ ਸਨ। ਇਹ ਬੈਂਕ 1985 ਤੋਂ ਦਰਜਾ ਇਕ ਦੀ ਸ਼੍ਰੇਣੀ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਮੌਜੂਦਾ ਤੌਰ ‘ਤੇ ਬੈਂਕ ਦੇ ਨਾਲ ਜਿਲ੍ਹੇ ਦੇ ਪਿੰਡਾਂ ਵਿੱਚ ਸਥਾਪਿਤ 798 ਸਭਾਵਾਂ ਮੈਂਬਰ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਹਿਕਾਰਤਾ ਬੈਂਕ ਹਰ ਵਰਗ ਦੇ ਲੋਕਾਂ ਵਿਸ਼ੇਸ਼ ਕਰਕੇ ਕਿਸਾਨੀ ਕਿੱਤੇ ਨਾਲ ਸਬੰਧਤ ਵਿਅਕਤੀਆਂ ਨੂੰ ਨਿਰੰਤਰ ਵਧੀਆ ਸੇਵਾਵਾਂ ਦੇ ਰਿਹਾ ਹੈ। 

Bankਕਰੀਬ 107 ਸਾਲ ਪੁਰਾਣਾ ਹੁਸ਼ਿਆਰਪੁਰ ਦਾ  ਇਹ ਸਹਿਕਾਰਤਾ ਬੈਂਕ ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣ ਕੇ ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਕ ਸਦੀ ਤੋਂ ਵੱਧ ਇਸ ਸਹਿਕਾਰਤਾ ਬੈਂਕ ਵਲੋਂ ਕਰੀਬ 1700 ਕਰੋੜ ਰੁਪਏ ਦੀਆਂ ਅਮਾਨਤਾਂ ਇਕੱਠੀਆਂ ਕੀਤੀਆਂ ਗਈਆਂ ਹਨ, ਜੋ ਪੰਜਾਬ ਸੂਬੇ ਵਿੱਚ ਕੰਮ ਕਰ ਰਹੇ ਸਾਰੀਆਂ ਸਹਿਕਾਰਤਾ ਬੈਂਕਾਂ ਨਾਲੋਂ ਵੱਧ ਹੈ। ਇਸ ਤੋਂ ਇਲਾਵਾ ਬੈਂਕ ਦਾ ਸਲਾਨਾ ਲੈਣ-ਦੇਣ ਕਰੀਬ 2400 ਕਰੋੜ ਰੁਪਏ ਹੈ, ਜਦਕਿ ਜਿਲ੍ਹੇ ਨਾਲ ਸਬੰਧਤ ਕਰੀਬ 4 ਲੱਖ ਗ੍ਰਾਹਕ ਬੈਂਕ ਨਾਲ ਜੁੜੇ ਹੋਏ ਹਨ।  

ਹੁਸ਼ਿਆਰਪੁਰ ਦਾ ਇਹ ਸਹਿਕਾਰੀ ਬੈਂਕ ਸੂਬੇ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ ਅਤੇ ਇਸ ਬੈਂਕ ਦੀਆਂ ਜਿਲ੍ਹੇ ਵਿੱਚ 64 ਬਰਾਂਚਾਂ ਅਤੇ 2 ਐਕਸਟੈਂਸ਼ਨ ਕਾਊਂਟਰ ਕੰਮ ਕਰ ਰਹੇ ਹਨ, ਜਿਸ ਸਦਕਾ ਕਰੀਬ 300 ਵਿਅਕਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਬੈਂਕ ਆਪਣੇ ਗਾਹਕਾਂ ਨੂੰ ਜਿਲ੍ਹੇ ਭਰ ਦੀਆਂ 66 ਕੰਪਿਊਟਰਾਈਜ਼ਡ ਬਰਾਂਚਾਂ ਰਾਹੀਂ ਆਨਲਾਈਨ ਬੈਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਲੋਂ 42,232 ਕਿਸਾਨ ਕਾਰਡ ਵੀ ਹੁਣ ਤੱਕ ਜਾਰੀ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਬੈਂਕ ਵਲੋਂ ਜਿਲ੍ਹੇ ਵਿੱਚ ਖੇਤੀਬਾੜੀ ਨਾਲ ਸਬੰਧਤ 10,481 ਕਿਸਾਨਾਂ ਦੇ 96.38 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਹਿਕਾਰਤਾ ਬੈਂਕਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕੱਠੀਆਂ ਕੀਤੀਆਂ ਅਮਾਨਤਾਂ ਦਾ ਵੱਧ ਤੋਂ ਵੱਧ ਫਾਇਦਾ ਜ਼ਿਲ੍ਹਾ ਵਾਸੀਆਂ ਨੂੰ ਕਰੀਬ 647.65 ਕਰੋੜ ਰੁਪਏ ਕਰਜ਼ੇ ਜਾਰੀ ਕਰਕੇ ਦਿੱਤਾ ਗਿਆ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਰਾਂਚ ਦੇ ਮੈਨੇਜਰ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਸਹਿਕਾਰੀ ਬੈਂਕ ਵਲੋਂ ਹਰ ਵਰਗ ਦੇ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਅਤੇ ਆਰਥਿਕ ਸਹਾਇਤਾ ਦੇਣ ਲਈ ਵੱਖ-ਵੱਖ ਕਰਜ਼ਾ ਸਕੀਮਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਜ਼ਾ ਸਕੀਮਾਂ ਵਿੱਚ ਐਜੂਕੇਸ਼ਨ ਕਰਜ਼ਾ, ਮਾਈ ਭਾਗੋ ਇਸਤਰੀ ਸ਼ਕਤੀ ਸਕੀਮ, ਗਊ ਖਰੀਦਣ ਲਈ ਕਰਜ਼ਾ, ਮਿੰਨੀ ਡੇਅਰੀ ਸਕੀਮ,  ਕਿਸਾਨਾਂ ਨੂੰ ਕੈਸ਼ ਕ੍ਰੈਡਿਟ ਲਿਮਟ, ਕਿਸਾਨ ਕ੍ਰੈਡਿਟ ਕਾਰਡ, ਨਾਨ ਫਾਰਮ ਸੈਕਟਰ ਦੇ ਕਰਜ਼ੇ, ਸਹਿਕਾਰੀ ਸ਼ਹਿਰੀ ਅਵਾਸ ਯੋਜਨਾ, ਪੇਂਡੂ ਮਕਾਨ ਉਸਾਰੀ ਯੋਜਨਾ, ਤਨਖਾਹਦਾਰ ਮੁਲਾਜ਼ਮਾਂ ਲਈ ਕਰਜ਼ੇ, ਕਿਸਾਨਾਂ ਨੂੰ ਦੋ ਪਹੀਆ ਵਾਹਨ ਖਰੀਦਣ ਲਈ ਕਰਜ਼ੇ, ਪਰਸਨਲ ਕਰਜ਼ੇ ਤੋਂ ਇਲਾਵਾ ਵਹੀਕਲ ਆਦਿ ਖਰੀਦਣ ਲਈ ਕਰਜ਼ੇ ਦੀ ਸਹੂਲਤ ਸ਼ਾਮਲ ਹੈ।

Punjab Skill Development Mission helps Manpreet to realise her dream of becoming Self-reliant

Works as a brew master at a prominent cafeteria, shoulders responsibility of nurturing her family


Punjab Skill Development Mission (PSDM) has virtually been bringing in positive change in the lives of youth by enabling them to tap employment avenues. 

23.06.18 Manpreet Kaur 01Here is a story of Manpret Kaur, a girl belonging to rural area of Shaheed Bhagat Singh district,  whose future has been shaped by the Skill Development Mission to the extent that she has not only become self-reliant but has also been shouldering the responsibility of nurturing her family comprising six siblings coincidently all sisters. 

          Manpreet has completed course in Food and Beverages. Now, she is working as a Brew Master (L1) at a prominent cafeteria chain at Ludhiana. Daughter of a labourer, she captured the opportunity provided by the urban center of Punjab Skill Development Mission that is being run by training partner Centum at Nawanshahr. 

Two years ago, she got herself enrolled for a nine month course in Food and Beverages. This course was especially designed for children of Building and Other Construction Workers.

          Sharing her memories,   she said that she had only one target to help her father to run family affairs.  Being eldest daughter of the family, she understood her responsibilities and committed to hone her skills for getting a good job. She said that at that time, the Punjab Skill Development Mission showed her way to become self-reliant and now she had been working hard to shape the future of her younger sisters.

          23.06.18 Reliance TrendsNot only Manpreet, Jyoti and Yojna also expressed thanks to the PSDM for helping them to stand on their feet. Both  are working in sales team of a prominent retail store along with  six more batchmates. They said that most of their batchmates are working and earning handsome salary.

          Additional Deputy Commissioner (D) Davinder Singh told that there are two PSDM centers working in the district, one in urban area, Nawanshahr city and other at rural area, Usmanpur. Three more rural centers would become functional in coming days at Mukandpur, Saroya and Dusanjh Khurd, he added.  

          These centers enroll youth of the age group of 18-35 years having qualification 10+2. Now,  two new courses,  Elder Care Taker and Counter Sales Executive have also been introduced at Nawanshahr urban center under Prime Minister Kaushal Vikas Scheme. A total of 240 candidates would be trained in four batches of three months duration. Earlier, at Usmanpur center 93 candidates have been trained in Retail Sector and Telecom Sector and 25 of them working in Wallmart, KFC, McD and Dominos and 22 with SMD and Dr. IT. Similarly, 21 out of total 32 candidates who had opted for Food and Beverages course under National Urban Livelihood Mission, are also working with local vendors and earning handsome salary, informed ADC (D).

 

ਕਪੂਰਥਲਾ ਜਿਲ੍ਹੇ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ‘ਬ੍ਰਾਂਡ ਅੰਬੈਸਡਰ’ ਵਜੋਂ ਉੱਭਰੇ ਸਮਾਜ ਸੇਵਕ ਗੁਰਮੁਖ ਸਿੰਘ ਢੋਡ

 • ਅਨੋਖੇ ਢੰਗ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਦਿੱਤਾ ਜਾ ਰਿਹੈ ਸੁਨੇਹਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਨੂੰ ਸਿਹਤਮੰਦ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸਫਲਤਾ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਥੇ ਬਹੁਤ ਸਾਰੇ ਸਮਾਜ ਸੇਵਕ ਆਪ ਮੁਹਾਰੇ ਇਸ ਮਿਸ਼ਨ ਦਾ ਸੁਨੇਹਾ ਘਰ-ਘਰ ਪਹੁੰਚਾ ਰਹੇ ਹਨ। ਸਮਾਜ ਸੇਵਾ ਨੂੰ ਸਮਰਪਿਤ ਅਜਿਹੀ ਹੀ ਇਕ ਸ਼ਖਸੀਅਤ ਹਨ, ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਢੋਡ, ਜਿਨਾਂ ਨੇ ਅਨੋਖੇ ਢੰਗ ਨਾਲ ਆਪਣੇ ਸਾਈਕਲ ‘ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ।

21ਸ੍ਰੀ ਗੁਰਮੁਖ ਸਿੰਘ ਢੋਡ ਨੇ ਇਸ ਸਬੰਧੀ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਆਪਣੇ ਸਾਈਕਲ ‘ਤੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੰਦੀਆਂ ਪੰਕਤੀਆਂ ਲਿਖੀਆਂ ਹਨ, ਜੋ ਰਾਹਗੀਰਾਂ ਅਤੇ ਲੋਕਾਂ ਲਈ ਖਿੱਚ ਦਾ ਕਾਰਨ ਬਣੀਆਂ ਹੋਈਆਂ ਹਨ। ਇਸ ਰਾਹੀਂ ਉਨਾਂ ਹਰੇਕ ਤਰਾਂ ਦੇ ਪ੍ਰਦੂਸ਼ਣ ਅਤੇ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਂਦਿਆਂ ਕੁਦਰਤ ਨਾਲ ਸਾਂਝ ਵਧਾ ਕੇ ਤੰਦਰੁਸਤੀ ਪਾਉਣ ਦਾ ਸੁਨੇਹਾ ਦਿੱਤਾ ਹੈ। ਦੇਸੀ ਜੁਗਾੜ ਨਾਲ ਉਨਾਂ ਸਾਈਕਲ ਅੱਗੇ ਲਾਈਟ ਵੀ ਲਗਾਈ ਹੋਈ ਹੈ ਅਤੇ ਇਕ ਚੱਲਦਾ-ਫਿਰਦਾ ਪਬਲਿਕ ਐਡਰੈਸ ਸਿਸਟਮ (ਪੀ. ਏ ਸਿਸਟਮ) ਵੀ ਫਿੱਟ ਕੀਤਾ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਜਾਗਰੂਕ ਕਰਦੇ ਹਨ।

ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਸ੍ਰੀ ਢੋਡ ਨੂੰ ਕੁਦਰਤ ਨਾਲ ਬੇਹੱਦ ਪਿਆਰ ਹੈ ਅਤੇ ਇਸੇ ਲਈ ਉਹ ਥਾਂ-ਥਾਂ ਬੂਟੇ ਲਗਾਉਂਦੇ ਅਤੇ ਉਨਾਂ ਨੂੰ ਪਾਣੀ ਪਾਉਂਦੇ ਨਜ਼ਰ ਆਉਂਦੇ ਹਨ। ਇਸੇ ਤਰਾਂ ਲੋਕਾਂ ਨੂੰ ਪਾਣੀ ਬਚਾਉਣ, ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਸੁਚੇਤ ਵੀ ਕਰਦੇ ਹਨ। ਸਮਾਜ ਸੇਵੀ ਕਾਰਜਾਂ ਲਈ ਕਈ ਸਨਮਾਨ ਹਾਸਲ ਕਰ ਚੁੱਕੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸ੍ਰੀ ਢੋਡ ਨੇ ਨਾਟਕਾਂ ਅਤੇ ਨੁੱਕੜ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਖਿਲਾਫ਼ ਵੀ ਜੰਗ ਵਿੱਢੀ ਹੋਈ ਹੈ।

ਉਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਨਿਵੇਕਲਾ ਮਿਸ਼ਨ ਤਾਂ ਹੀ ਸਫਲ ਹੋ ਸਕਦਾ ਹੈ, ਜੇਕਰ ਅਸੀਂ ਸਾਰੇ ਮਿਲ ਕੇ ਹੰਭਲਾ ਮਾਰੀਏ। ਉਨਾਂ ਕਿਹਾ ਕਿ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਇਸ ਸਬੰਧੀ ਇਕ ਲੋਕ ਲਹਿਰ ਬਣਾਉਣੀ ਬੇਹੱਦ ਜ਼ਰੂਰੀ ਹੈ। 

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਸ੍ਰੀ ਢੋਡ ਵੱਲੋਂ ਨਿਰਸਵਾਰਥ ਭਾਵਨਾ ਨਾਲ ਕੀਤੇ ਜਾ ਰਹੇ ਸਮਾਜ ਸੇਵਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਜ਼ਿਲੇ ਵਿਚ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਬ੍ਰਾਂਡ ਅੰਬੈਸਡਰ ਵਜੋਂ ਸੇਵਾਵਾਂ ਨਿਭਾਉਣ ਲਈ ਕਿਹਾ ਹੈ। 

 

ਚਾਰ ਵਰ੍ਹਿਆਂ ਦੇ ਨਮਨ ਨੂੰ ਸਰਕਾਰੀ ਖਰਚੇ ‘ਤੇ ਹੋਏ ਇਲਾਜ ਨੇ ਦਿੱਤਾ ਨਵਾਂ ਜੀਵਨ

 • ਦਿਲ ਵਿੱਚ ਛੇਕ ਦੀ ਬਿਮਾਰੀ ਤੋਂ ਪੀੜਤ ਸੀ ਨਮਨ
 • ਬੱਚਿਆਂ ਦੀਆਂ 30 ਬਿਮਾਰੀਆਂ ਦਾ ਸਰਕਾਰ ਵੱਲੋਂ ਕੀਤਾ ਜਾਂਦੇ ਮੁਫ਼ਤ ਇਲਾਜ

ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਰ ਸਾਲ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾਂਦਾ ਹੈ, ਜਿਸ ਵਿੱਚ ਬੱਚਿਆਂ ਦੀਆਂ 30 ਬਿਮਾਰੀਆਂ ਦੇ ਨਾਲ-ਨਾਲ ਦਿਲ ਦੇ ਸਾਰੇ ਰੋਗਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸੇ ਤਹਿਤ ਦਿਲ ਦੇ ਛੇਕ ਦੀ ਬਿਮਾਰੀ ਤੋਂ ਪੀੜਤ ਸਰਕਾਰੀ ਪਾਵਰ ਹਾਊਸ ਸਕੂਲ, ਪਟਿਆਲਾ ਦੇ ਪਹਿਲੀ ਕਲਾਸ ਦੇ ਵਿਦਿਆਰਥੀ ਨਮਨ ਸ਼ਰਮਾ ਦਾ ਸਫਲ ਅਪਰੇਸ਼ਨ ਕਰਵਾਇਆ ਗਿਆ ਹੈ।

IMG-20180617-WA0001ਨਮਨ ਸ਼ਰਮਾ ਦੇ ਪਿਤਾ ਸੋਨੂੰ ਦਿਨੇਸ਼ ਸ਼ਰਮਾ ਨੇ ਦੱਸਿਆਂ ਕਿ ਨਮਨ ਨੂੰ ਸਾਧਾਰਣ ਬੁਖ਼ਾਰ ਹੋਇਆ ਤਾਂ ਡਾਕਟਰੀ ਚੈਕਅਪ ਦੌਰਾਨ ਪਤਾ ਲੱਗਾ ਕਿ ਉਸ ਦੇ ਦਿਲ ਵਿੱਚ ਛੇਕ ਹੈ। ਉਨ੍ਹਾਂ ਆਪਣੇ ਬੇਟੇ ਨੂੰ ਪੀ.ਜੀ.ਆਈ ਚੰਡੀਗੜ੍ਹ ਦਿਖਾਇਆਂ ਜਿਥੇ ਡਾਕਟਰਾਂ ਨੇ ਅਪਰੇਸ਼ਨ ਦੀ ਸਲਾਹ ਦਿੱਤੀ, ਪਰ ਅਪਰੇਸ਼ਨ ਦਾ ਖ਼ਰਚਾ ਲੱਖਾਂ ਵਿੱਚ ਹੋਣ ਕਾਰਨ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਆਣ ਡਿੱਗਾ। ਨਮਨ ਦੇ ਪਿਤਾ ਨੇ ਦੱਸਿਆ ਕਿ ਇੱਕ ਸਰਕਾਰੀ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਰਾਜ ਸਰਕਾਰ ਵੱਲੋਂ ਮਿਲਦੀ ਮੁਫ਼ਤ ਇਲਾਜ ਦੀ ਸੁਵਿਧਾ ਬਾਰੇ ਦੱਸਣ ‘ਤੇ ਉਹ ਸਰਕਾਰੀ ਸਕੂਲ ਨਿਊ ਪਾਵਰ ਹਾਊਸ ਦੇ ਅਧਿਆਪਕਾਂ ਨੂੰ ਮਿਲੇ । ਉਨ੍ਹਾਂ ਮੇਰਾ ਕੇਸ ਉਸੇ ਦਿਨ ਬਣਾਕੇ ਮਾਡਲ ਟਾਊਨ ਡਿਸਪੈਂਸਰੀ ਨੂੰ ਭੇਜ ਦਿੱਤਾ। ਅੱਗਿਓਂ ਡਿਸਪੈਂਸਰੀ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਨਾਲ ਹੀ ਸਿਵਲ ਸਰਜਨ ਦਫ਼ਤਰ ਪਟਿਆਲਾ ਨੂੰ ਭੇਜਿਆਂ ਜਿਨ੍ਹਾਂ ਨੇ ਵੀ ਬਿਨਾਂ ਦੇਰੀ ਕੇਸ ਤਿਆਰ ਕਰਕੇ ਉਹਨਾਂ ਨੂੰ ਫੋਰਟਿਸ ਹਸਪਤਾਲ, ਮੈਕਸ ਹਸਪਤਾਲ ਅਤੇ ਪੀ.ਜੀ.ਆਈ. ਵਿਚੋਂ ਕਿਸੇ ਇੱਕ ਵਿਚ ਇਲਾਜ ਕਰਵਾਉਣ ਲਈ ਕਿਹਾ। ਉਹਨਾਂ ਦੱਸਿਆਂ ਕਿ ਇਹ ਸਾਰਾ ਕੁਝ ਮੈਨੂੰ ਇਕ ਸੁਪਨੇ ਤਰ੍ਹਾਂ ਜਾਪ ਰਿਹਾ ਸੀ ਕਿਉਂਕਿ ਅਧਿਕਾਰੀਆਂ ਵੱਲੋਂ ਸਾਰਾ ਕੰਮ ਕੁਝ ਘੰਟਿਆਂ ਵਿੱਚ ਹੀ ਕਰਕੇ ਮੇਰੇ ਬੱਚੇ ਦੇ ਦਿਲ ਦਾ ਅਪਰੇਸ਼ਨ ਕਰਵਾਉਣ ਲਈ ਕਹਿ ਦਿੱਤਾ ਸੀ।

ਸ਼੍ਰੀ ਸ਼ਰਮਾ ਨੇ ਦੱਸਿਆਂ ਕਿ ਉਨ੍ਹਾਂ ਫੋਰਟਿਸ ਹਸਪਤਾਲ ਵਿਖੇ ਜਾਕੇ ਫਾਈਲ ਜਮਾਂ ਕਰਵਾਈ ਤਾਂ ਉਨ੍ਹਾਂ ਬੱਚੇ ਨੂੰ ਦਾਖਲ ਕਰਕੇ ਅਗਲੇ ਦਿਨ ਹੀ ਅਪਰੇਸ਼ਨ ਕਰ ਦਿੱਤਾ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਖ਼ਰਚਾ ਨਹੀਂ ਲਿਆ ਗਿਆ । ਬੱਚੇ ਦੇ ਖਾਣ-ਪੀਣ ਅਤੇ ਜੂਸ ਆਦਿ ਦਾ ਪ੍ਰਬੰਧ ਹਸਪਤਾਲ ਵੱਲੋਂ ਹੀ ਕੀਤਾ ਗਿਆ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਬੱਚੇ ਦੇ ਇਲਾਜ ਵਿੱਚ ਇੱਕ ਰੁਪਇਆ ਵੀ ਖ਼ਰਚ ਨਹੀਂ ਆਇਆ ਜਦ ਕਿ ਇਸ ਦਾ ਖ਼ਰਚ ਲੱਖਾਂ ਵਿੱਚ ਸੀ ਅਤੇ ਹੁਣ ਵੀ ਆਮ ਚੈਕਅਪ ਲਈ ਜਾਣ ‘ਤੇ ਕੋਈ ਖ਼ਰਚਾਂ ਨਹੀਂ ਲਿਆ ਜਾਂਦਾ।

IMG-20180617-WA0000ਸ਼੍ਰੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਬੱਚੇ ਨੂੰ ਨਵਾਂ ਜੀਵਨ ਪ੍ਰਦਾਨ ਕਰਨ ‘ਤੇ ਪੰਜਾਬ ਸਰਕਾਰ ਖਾਸ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਦਿੱਤੀ ਜਾਂਦੀ ਇਹ ਸਿਹਤ ਸਹੂਲਤਾਂ ਸਾਡੇ ਵਰਗੇ ਮਾਪਿਆਂ ਲਈ ਵਰਦਾਨ ਸਾਬਤ ਹੁੰਦੀ ਹਨ।

ਇਸ ਬਾਰੇ ਗੱਲ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਸਿਹਤ ਵਿਭਾਗ ਦੀ ਟੀਮ ਸਾਲ ਵਿੱਚ ਨਵ-ਜਨਮੇ ਬੱਚੇ ਤੋਂ ਲੈਕੇ 18 ਸਾਲ ਤੱਕ ਦੇ ਬੱਚਿਆਂ ਦਾ ਨਿਰੀਖਣ ਆਂਗਣਵਾੜੀ ਸੈਂਟਰਾਂ ਵਿੱਚ ਦੋ ਵਾਰ ਅਤੇ ਸਕੂਲਾਂ ਵਿੱਚ ਇੱਕ ਵਾਰ ਲਾਜ਼ਮੀ ਤੌਰ ‘ਤੇ ਕਰਦੀ ਹੈ। ਇਸ ਟੀਮ ਵਿੱਚ ਦੋ ਮੈਡੀਕਲ ਅਫ਼ਸਰ, ਇੱਕ ਫਾਰਮਾਸਿਸਟ ਅਤੇ ਇਕ ਨਰਸ ਸ਼ਾਮਲ ਹੁੰਦੇ ਹਨ ਅਤੇ ਇਸ ਟੀਮ ਵੱਲੋਂ ਤੀਹ ਤਰ੍ਹਾਂ ਦੀਆਂ ਬਿਮਾਰੀਆਂ ਦੀ ਪਛਾਣ ਕਰਕੇ ਇਨ੍ਹਾਂ ਦਾ ਪੰਜਾਬ ਸਰਕਾਰ ਦੀ ਤਰਫੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ।