‘ਮਿਸ਼ਨ ਤੰਦਰੁਸਤ ਪੰਜਾਬ’ ਦਾ ਅਸਰ; ਹੁਸ਼ਿਆਰਪੁਰ ‘ਚ 65 ਫੀਸਦੀ ਡੇਂਗੂ ਹੋਇਆ ਬੇਅਸਰ

  • 1886 ਕੰਟੇਨਰਾਂ ਦਾ ਲਾਰਵਾ ਨਸ਼ਟ ਕਰਨ ਤੋਂ ਇਲਾਵਾ ਕੀਤੇ ਗਏ 163 ਚਲਾਨ
  • ਹੁਸ਼ਿਆਰਪੁਰ ਨੂੰ 10 ਸੈਕਟਰਾਂ ਵਿੱਚ ਵੰਡ ਕੇ ਘਰ-ਘਰ ਦੀ ਕੀਤੀ ਜਾਂਚ
  • ਸਿਹਤ ਵਿਭਾਗ ਦੀਆਂ 55 ਟੀਮਾਂ ਦੇ 165 ਕਰਮਚਾਰੀਆਂ ਨੇ ਨਾਜ਼ੁਕ ਖੇਤਰਾਂ ਦਾ ਕੀਤਾ ਵਿਸ਼ੇਸ਼ ਸਰਵੇਖਣ
  • 34,872 ਘਰਾਂ ਦੇ 1 ਲੱਖ 4 ਹਜ਼ਾਰ 420 ਕੰਟੇਨਰ ਕੀਤੇ ਗਏ ਚੈਕ


ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਫੈਲਾਈ ਗਈ ਜਾਗਰੂਕਤਾ ਕਾਰਨ ਇਸ ਸਾਲ ਪਿਛਲੇ ਸਾਲ ਨਾਲੋਂ 65 ਫੀਸਦੀ ਡੇਂਗੂ ਦਾ ਅਸਰ ਬੇਅਸਰ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੀ ਬਿਮਾਰੀ ਨੂੰ ਰੋਕਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਸਦਕਾ ਡੇਂਗੂ ਦੀ ਬੀਮਾਰੀ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਿਆ ਹੈ। 

Logo Tandrust Punjab 1ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 34,872 ਘਰਾਂ ਵਿੱਚ 1 ਲੱਖ 4 ਹਜ਼ਾਰ 420 ਕੰਟੇਨਰਾਂ ਨੂੰ ਚੈਕ ਕੀਤਾ ਗਿਆ, ਜਿਸ ਵਿਚੋਂ 1886 ਕੰਟੇਨਰਾਂ ਤੋਂ ਲਾਰਵਾ ਨਸ਼ਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਨੇ ਜਿਥੇ ਲਾਰਵਾ ਪਾਇਆ ਗਿਆ, ਉਥੇ 163 ਚਲਾਨ ਵੀ ਕੱਟੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਨੂੰ 10 ਸੈਕਟਰਾਂ ਵਿੱਚ ਵੰਡਿਆ ਗਿਆ ਸੀ ਅਤੇ ਸੈਕਟਰ ਦੇ ਹਿਸਾਬ ਨਾਲ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਇਸ ਵਿੱਚ ਸਿਹਤ ਵਿਭਾਗ ਦੀਆਂ 55 ਟੀਮਾਂ ਵਿੱਚ 165 ਕਰਮਚਾਰੀਆਂ ਨੇ ਉਨ੍ਹਾਂ ਨਾਜ਼ੁਕ ਇਲਾਕਿਆਂ ਦਾ ਸਪੈਸ਼ਲ ਸਰਵੇ ਕੀਤਾ, ਜਿਥੇ ਇਨ੍ਹਾਂ ਬਿਮਾਰੀਆਂ ਦਾ ਜ਼ਿਆਦਾ ਖਤਰਾ ਬਣਿਆ ਰਹਿੰਦਾ ਹੈ।

ਨਗਰ ਨਿਗਮ ਵਲੋਂ ਫੌਗਿੰਗ ਕਰਵਾਉਣ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਡੇਂਗੂ ਦੇ ਲਾਰਵੇ ਦੇ ਖਾਤਮੇ ਲਈ ਗੰਬੂਜ਼ੀਆ ਮੱਛੀਆਂ ਵੀ ਛੱਪੜਾਂ ਆਦਿ ਵਿਚ ਛੱਡੀਆਂ ਗਈਆਂ । ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿੱਢੀ ਜਾਗਰੂਕਤਾ ਮੁਹਿੰਮ ਵਿਚ ਸਮਾਜ-ਸੇਵੀ ਸੰਸਥਾਵਾਂ ਅਤੇ ਆਮ ਜਨਤਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਸ਼ਾਸਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮੱਛਰਾਂ ਅਤੇ ਬਰਸਾਤ ਦੇ ਦਿਨਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਹਫ਼ਤਾ ਵੀ ਮਨਾਇਆ ਗਿਆ, ਜਿਸ ਤਹਿਤ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਵਿੱਚ ਇਕ ਵਿਸ਼ਾਲ ਪੈਦਲ ਰੈਲੀ ਵੀ ਕੱਢੀ ਗਈ।

ਜਿਕਰਯੋਗ ਹੈ ਕਿ ਡੇਂਗੂ, ਮਲੇਰੀਆ, ਚਿਕਨਗੁਨੀਆਂ ਤੋਂ ਇਲਾਵਾ ਵੈਕਟਰ ਬੌਰਨ ਡਿਜੀਜ਼ (ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ) ਤੋਂ ਬਚਾਅ ਲਈ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਨਾਲ ਹੀ ਸਾਵਧਾਨੀਆਂ ਵਰਤਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਬਿਮਾਰੀਆਂ ਸਬੰਧੀ ਪੂਰੀ ਜਾਣਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਗੂਗਲ ਪਲੇਅ ਸਟੋਰ ‘ਤੇ ਮੁਫ਼ਤ ‘ਡੇਂਗੂ ਫਰੀ ਪੰਜਾਬ’ ਐਪ ਡਾਊਨਲੋਡ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਸਪੋਟਿਵ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।