ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ‘ਚ ਯੋਗਦਾਨ ਪਾ ਰਿਹੈ ਕਨੋਈ ਦਾ ਕਿਸਾਨ ਗੁਰਿੰਦਰ ਸਿੰਘ

ਫ਼ਸਲ ਦੇ ਝਾੜ ‘ਚ ਹੋਇਆ ਵਾਧਾ ਤੇ ਖੇਤੀ ਖਰਚਿਆਂ ਵਿੱਚ ਆਈ ਕਮੀਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਤਹਿਤ ਕਿਸਾਨਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਇਸ ਉਦੇਸ਼ ਨੂੰ ਪੂਰਾ ਕਰਨ ‘ਚ ਸਹਿਯੋਗ ਦੇ ਰਿਹਾ ਹੈ ਪਿੰਡ ਕਨੌਈ ਦਾ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ। ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਤੇ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਬੀਜਣ ਦਾ ਮਾਣ ਪ੍ਰਾਪਤ ਹੈ, ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੌਈ ਦੇ ਰਹਿਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੂੰ। ਗੁਰਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾਂ ਉਸਦੇ ਖੇਤ ਵਿੱਚ ਕੱਲਰ ਦੀ ਮਾਤਰਾ ਕਾਫੀ ਜ਼ਿਆਦਾ ਸੀ ਪਰੰਤੂ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹਣ ਕਰਕੇ ਖੇਤਾਂ ਵਿੱਚ ਜੈਵਿਕ ਮਾਦੇ ਵਿੱਚ ਵਾਧਾ ਹੋਇਆ ਹੈ। ਉਹ ਦਸਦੇ ਹਨ ਕਿ ਇਸ ਨਾਲ ਫਸਲ ਦੇ ਝਾੜ ‘ਚ ਵਾਧਾ ਹੋਇਆ ਹੈ ਅਤੇ ਖੇਤੀ ਖਰਚਿਆਂ ਵਿੱਚ ਕਮੀ ਆਈ ਹੈ। ਸਫ਼ਲ ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਅੰਨ ਉਤਪਾਦਨ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਫਿੱਟ ਕੰਬਾਇਨ ਨਾਾਲ ਕਰਵਾਕੇ ਕਣਕ ਦੀ ਸਿੱਧੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਰਦਾ ਹੈ ਅਤੇ ਕਣਕ ਦਾ ਝਾੜ ਵੀ 26 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਹੋਰਨਾਂ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਗੁਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਖੇਤੀ ਸੰਸਥਾਵਾਂ ਦੁਆਰਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਵੱਖ-ਵੱਖ ਪ੍ਰਯੋਗ ਕੀਤੇ ਗਏ ਜਿਵੇਂ ਜ਼ਮੀਨ ਦੀ ਉਤਪਾਦਕਤਾ, ਪਾਣੀ ਦੀ ਉਚਿੱਤ ਮਾਤਰਾ, ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਵਰਤੋਂ ਇਹ ਸਾਰੇ ਪ੍ਰਯੋਗਾਂ ਦੇ ਨਤੀਜੇ ਬਹੁਤ ਵਧੀਆ ਅਤੇ ਖੇਤੀ ਲਈ ਲਾਹੇਵੰਦ ਸਾਬਿਤ ਹੋਏ ਹਨ, ਇਸੇ ਲਈ ਹਰੇਕ ਕਿਸਾਨ ਵੀਰ ਨੂੰ ਨਾੜ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਹੈਪੀ ਸੀਡਰ ਅਤੇ ਹੋਰਨਾਂ ਆਧੁਨਿਕ ਖੇਤੀ ਸੰਦਾਂ ਨਾਲ ਬਿਜਾਈ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਅਗਾਂਹਵਧੂ ਕਿਸਾਨ ਪਿਛਲੇ 4 ਸਾਲਾਂ ਤੋਂ 16 ਏਕੜ ਜ਼ਮੀਨ ਅੰਦਰ ਹੈਪੀ ਸੀਡਰ ਨਾਲ ਖੇਤੀ ਕਰਦਾ ਆ ਰਿਹਾ ਹੈ। ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਹੀਂ ਲਗਾਈ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਵਾਤਾਵਰਣ ਵੀ ਪਲੀਤ ਹੁੰਦਾ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਜੀਵਨ ‘ਤੇ ਖ਼ਤਰੇ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੈਲਾ ਧੂੰਆ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਕਿਸਾਨ ਗੁਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਖੇਤੀ ਦਾ ਮੁੱਖ ਮੰਤਵ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਅਤੇ ਹਵਾ ਦਾ ਉੱਚਿਤ ਤਰੀਕੇ ਨਾਲ ਇਸਤੇਮਾਲ ਕਰਕੇ ਖੇਤੀ ਨੂੰ ਲਾਹੇਵੰਦ ਬਣਾਉਣਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਜਿਹੇ ਅਗਾਂਹਵਧੂ ਕਿਸਾਨਾਂ ਦੀ ਸੋਚ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਤੇ ਰਾਜ ਪੱਧਰ ‘ਤੇ ਸਨਮਾਨਿਤ ਕਰਨ ਦੀ ਪਿਰਤ ਵੀ ਪਾਈ ਗਈ ਹੈ ਜਿਸ ਨੂੰ ਜ਼ਿਲ੍ਹਾ ਸੰਗਰੂਰ ‘ਚ ਲਗਾਤਾਰ ਜਾਰੀ ਰੱਖਿਆ ਜਾਵੇਗਾ।