ਤੰਦਰੁਸਤ ਪੰਜਾਬ ਮੁਹਿੰਮ ਸਦਕਾ ਡੀ.ਏ.ਪੀ ਅਤੇ ਯੂਰੀਆ ਦੀ ਘੱਟ ਵਰਤੋਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹੋਈ 200 ਕਰੋੜ ਰੁਪਏ ਦੀ ਬਚਤ

Govt-Tandrust-Punjab-Postਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਨਾਉਣ ਲਈ ਚਲਾਈ ਗਈ ਮੁਹਿੰਮ ਸਦਕਾ ਜਿੱਥੇ ਸਿਰਫ 100 ਦਿਨਾਂ ਅੰਦਰ ਹੀ ਦੁੱਧ, ਦੁੱਧ ਉਤਪਾਦਾਂ, ਫਲ-ਸਬਜੀਆਂ ਅਤੇ ਹੋਰ ਖਾਣਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸੁਧਾਰਣ ਲਈ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਹਨ ਉਥੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡੀ.ਏ.ਪੀ. ਅਤੇ ਯੂਰੀਆ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਸਦਕਾ ਪੰਜਾਬ ਦੇ ਕਿਸਾਨਾਂ ਦੀ 200 ਕਰੋੜ ਰੁਪਏ ਦੇ ਦੀ ਬਚਤ ਹੋਈ ਹੈ।

ਖੇਤੀਬਾੜੀ ਵਿਭਾਗ ਵੱਲੋਂ ਪਾਇਆ ਗਿਆ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੇ ਖੇਤਾਂ ਵਿੱਚ ਡੀ.ਏ.ਪੀ. ਖਾਦ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਪੰਜਾਬ ਦੇ ਕਿਸਾਨ ਝੋਨੇ ਲਈ ਲਗਭਗ 50 ਹਜਾਰ ਟਨ ਡੀ.ਏ.ਪੀ. ਦੀ ਬੇਲੋੜੀ ਵਰਤੋਂ ਕਰਦੇ ਹਨ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ।

ਸੂਬੇ ਦੇ ਕਿਸਾਨਾਂ ਵੱਲੋਂ ਝੋਨੇ ਵਿੱਚ ਪਿਛਲੇ ਸਾਲ ਦੇ 50 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਦੀ ਥਾਂ ਇਸ ਸਾਲ ਕੇਵਲ 12 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਕੀਤੀ ਗਈ ਅਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਡੀ.ਏ.ਪੀ. ਦੀ ਘੱਟ ਵਰਤੋਂ ਕੀਤੀ ਗਈ। ਇਸ ਨਾਲ ਡੀ.ਏ.ਪੀ ਦੀ ਖਰੀਦ ਅਤੇ ਇਨ ਨੂੰ ਖੇਤਾਂ ਵਿੱਚ ਪਾਉਣ ਤੇ ਹੋਣ ਵਾਲੇ ਲਗਭਗ 100 ਕਰੋੜ ਰੁਪਏ ਦੇ ਬੇਲੋੜੇ ਖਰਚੇ ਦੀ ਬਚਤ ਹੋਈ।

ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਵਿੱਚ 2 ਥੈਲੇ ਯੂਰੀਆ ਖਾਦ ਪ੍ਰਤੀ ਏਕੜ ਤੋਂ ਵੱਧ ਨਹੀਂ ਵਰਤਣੇ ਚਾਹੀਦੇ ਜਦੋਂ ਕਿ ਪੰਜਾਬ ਦੇ ਕਿਸਾਨਾਂ ਵੱਲੋਂ 3 ਤੋਂ 4 ਥੈਲੇ ਯੂਰੀਆ ਖਾਦ ਦੀ ਝੋਨੇ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਪਾਇਆ ਗਿਆ ਕਿ 2 ਥੈਲੇ ਤੋਂ ਵੱਧ ਯੂਰੀਆ ਪਾਉਣ ਨਾਲ ਜਿੱਥੇ ਕਿਸਾਨ ਦਾ ਖਰਚਾ ਵੱਧ ਹੁੰਦਾ ਹੈ ਅਤੇ ਧਰਤੀ ਵਿੱਚ ਰਸਾਇਣਾਂ ਦੀ ਵੱਧ ਮਿਕਦਾਰ ਇਕੱਠੀ ਹੁੰਦੀ ਹੈ, ਉਥੇ ਜਿਆਦਾ ਯੂਰੀਆ ਪਾਏ ਝੋਨੇ ਦੇ ਪੱਤਿਆਂ ਤੇ ਕੀੜੇ-ਮਕੌੜਿਆਂ ਦਾ ਵੱਧ ਹਮਲਾ ਹੁੰਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਇਸ ਸਾਲ ਪੰਜਾਬ ਵਿੱਚ ਪਹਿਲੀ ਵਾਰ ਯੂਰੀਆ ਦੀ ਖਪਤ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 1 ਲੱਖ 30 ਹਜਾਰ ਟਨ ਯੂਰੀਆ ਖਾਦ ਘੱਟ ਵਰਤੀ ਗਈ ਹੈ, ਜਿਸ ਦੀ ਬਜਾਰੀ ਕੀਮਤ ਲਗਭਗ 80 ਕਰੋੜ ਰੁਪਏ ਬਣਦੀ ਹੈ ਅਤੇ ਜੇਕਰ ਇਸ ਖਾਦ ਨੂੰ ਖੇਤਾਂ ਵਿੱਚ ਛੱਟਾ ਦੇਣ ਦੀ ਕੀਮਤ ਵੀ ਜੋੜੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਨੂੰ ਲਗਭਗ 100 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।

Advertisements

ਦੋ ਦਹਾਕਿਆਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਹਰਵੰਤ ਹੋਰਨਾਂ ਨੂੰ ਵੀ ਕਰਦਾ ਹੈ ਪ੍ਰੇਰਿਤ

  • ਪਰਾਲੀ ਨੂੰ ਕਣਕ ਤੇ ਗੰਨੇ ਦੇ ਖੇਤ ’ਤੇ ‘ਮਲਚਿੰਗ’ ਲਈ ਵਰਤਦਾ ਹੈ 
  • ‘ਮਲਚਿੰਗ’ ਤਕਨੀਕ ਗੰਡੋਇਆਂ ਰਾਹੀਂ ਜ਼ਮੀਨ ਦੇ ਉਪਜਾਊਪਣ ’ਚ ਅਸਰਦਾਰ : ਹਰਵੰਤ ਸਿੰਘ ਸੰਘਾ 
  • ਮਿਸ਼ਨ ਤੰਦਰੁਸਤ ਪੰਜਾਬ ਰਾਹੀਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ


14.09.18 Harwant Singh Sangha 01ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਨਵਾਂਸ਼ਹਿਰ ਦਾ ਅਗਾਂਹਵਧੂ ਹਰਵੰਤ ਸਿੰਘ ਸੰਘਾ ਆਪਣੇ ਤਜਰਬਿਆਂ ਰਾਹੀਂ ਹੋਰਨਾਂ ਲਈ ਵੀ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ 1994 ਤੋਂ ਉਸ ਨੇ ਪਰਾਲੀ ਨਾ ਜਲਾਉਣ ਦਾ ਫੈਸਲਾ ਲਿਆ ਸੀ ਤੇ ਅੱਜ ਤੱਕ ਉਸ ’ਤੇ ਕਾਇਮ ਹੈ।

ਬਲਾਚੌਰ ਦੇ ਸੜੋਆ ਇਲਾਕੇ ’ਚ ਆਪਣੀ ਜ਼ਮੀਨ ’ਤੇ ਖੇਤੀ ਕਰਦਾ ਇਹ ਕਿਸਾਨ ਆਪਣੇ ਤਜਰਬਿਆਂ ਬਾਰੇ ਸਾਂਝ ਪਾਉਂਦਾ ਦੱਸਦਾ ਹੈ ਕਿ ਉਹ ਪਰਾਲੀ ਅਤੇ ਗੰਨੇ ਦੀ ਖੋਰੀ ਦੀ ਵਰਤੋਂ ਕਣਕ ਤੇ ਗੰਨੇ ਦੀ ਬਿਜਾਈ ਬਾਅਦ ਇਨ੍ਹਾਂ ਖੇਤਾਂ ’ਤੇ ‘ਮਲਚਿੰਗ’ (ਜ਼ਮੀਨ ’ਤੇ ਵਿਛਾਉਣਾ) ਲਈ ਵਰਤਦਾ ਹੈ। ਉਸ ਦਾ ਕਹਿਣਾ ਹੈ ਕਿ ‘ਮਲਚਿੰਗ’ ਨਾਲ ਜਿੱਥੇ ਪਾਣੀ, ਬਿਜਲੀ, ਡੀਜ਼ਲ ਦੀ ਬੱਚਤ ਹੁੰਦੀ ਹੈ, ਉੱਥੇ ਨਦੀਨਾਂ ’ਤੇ ਵੀ 80 ਫ਼ੀਸਦੀ ਕੰਟਰੋਲ ਹੋਣ ਨਾਲ ਨਦੀਨਨਾਸ਼ਕਾਂ ਦੇ ਛਿੜਕਾਅ ’ਤੇ ਆਉਣ ਵਾਲੀ ਲਾਗਤ ਵੀ ਬਚਦੀ ਹੈ। ਇਸ ਤੋਂ ਵੀ ਵੱਡੀ ਗੱਲ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ। ਉਹ ਪਰਾਲੀ ਨਾ ਸਾੜ ਕੇ ‘ਮਲਚਿੰਗ’ ਦਾ ਇੱਕ ਹੋਰ ਵੱਡਾ ਫ਼ਾਇਦਾ ਧਰਤੀ ’ਚ ਜੈਵਿਕ ਮਾਦਾ ਗੰਡੋਇਆਂ ਦੀ ਆਪਣੇ ਆਪ ਹੁੰਦੀ ਉਤਪਤੀ ਰਾਹੀਂ ਜ਼ਮੀਨ ਨੂੰ ਮਿਲਦੀ ਕੁਦਰਤੀ ਖਾਦ ਤੇ ਉਪਜਾਊਪਣ ਹੈ। ਇਹ ਗੰਡੋਏ ਜ਼ਮੀਨ ’ਚ ਇੱਕ ਮੀਟਰ ਡੂੰਘੇ ਜਾਂਦੇ ਹਨ, ਜਿਸ ਨਾਲ ਪਾਣੀ ਨੂੰ ਰੀਚਾਰਜ ਹੋਣ ’ਚ ਮੱਦਦ ਮਿਲਦੀ ਹੈ। ਇਸ ਨਾਲ ਫ਼ਸਲ ਦੇ ‘ਰੂਟ ਜ਼ੋਨ’ ’ਚ ਵੀ ਵਾਧਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਕਲ੍ਹ ਪਰਾਲੀ ਦੇ ਨਿਪਟਾਰੇ ਲਈ ਰੋਟਾਵੇਟਰ, ਹੈਪੀ ਸੀਡਰ, ਜ਼ੀਰੋ ਟਿਲ ਡਿ੍ਰਲ, ਬੇਲਰ ਤੇ ਮੋਲਡ ਬੋਲਡ 14.09.18 Harwant Singh Sangha 02ਪਲਾਓ ਸਮੇਤ ਅਨੇਕਾਂ ਆਧੁਨਿਕ ਖੇਤੀ ਸੰਦ ਆ ਚੁੱਕੇ ਹਨ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਵਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਤਜਰਬੇ ਮੁਤਾਬਕ ਇਨ੍ਹਾਂ ’ਚੋਂ ਮੋਲਡ ਬੋਲਡ ਪੁਲਾਓ ਜੋ ਕਿ ਉਲਟਾਵਾਂ ਹਲ ਹੈ ਤੇ ਮਿੱਟੀ ਨੂੰ ਉਲੱਦ ਦਿੰਦਾ ਹੈ ਅਤੇ ਬੇਲਰ ਜ਼ਿਆਦਾ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਬੇਲਰ ਨਾਲ ਅਸੀਂ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਉਸ ਨੂੰ ਪਾਸੇ ਰੱਖ ਸਕਦੇ ਹਾਂ ਤੇ ਬਿਜਾਈ ਬਾਅਦ ਉਸ ਪਰਾਲੀ ਨੂੰ ‘ਮਲਚਿੰਗ’ ਲਈ ਵਰਤ ਸਕਦੇ ਹਾਂ।

ਉਨ੍ਹਾਂ ਹਰਿਆਣਾ ਦੇ ਯਮੁਨਾ ਨਗਰ ਤੇ ਉਤਰਾਖੰਡ ਦੇ ਤਰਾਈ ਇਲਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਪਾਣੀ ਦੀ ਘਾਟ ਕਾਰਨ ਤੇ ਬਾਰਸ਼ਾਂ ਸਮੇਂ ਸਿਰ ਨਾ ਹੋਣ ਕਾਰਨ, ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ‘ਮਲਚਿੰਗ’ ਲਈ ਵਰਤਦੇ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ’ਚ ਬਿਜਾਈ ਤੋਂ ਬਾਅਦ ਖੇਤਾਂ ’ਚ ‘ਮਲਚਿੰਗ’ ਵਿਧੀ ਦੀ ਵਰਤੋਂ 80 ਫ਼ੀਸਦੀ ਤੱਕ ਹੈ।

ਸ੍ਰੀ ਸੰਘਾ ਜੋ ਕਿ ਬਾਗ਼ਬਾਨੀ-1990 ਦਾ ਸਟੇਟ ਐਵਾਰਡ ਵੀ ਹਾਸਲ ਕਰ ਚੁੱਕੇ ਹਨ ਤੇ ਭਾਰਤ ਸਰਕਾਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀ ਗੰਨਾ ਨੀਤੀ ਦੇ ਸਾਲ 2002 ’ਚ ਤਿੰਨ ਸਾਲ ਲਈ ਮੈਂਬਰ ਵੀ ਰਹਿ ਚੁੱਕੇ ਹਨ, ਦਾ ਕਹਿਣਾ ਹੈ ਕਿ ਜੇਕਰ ਅਸੀਂ ਮਹਿੰਗੀਆਂ ਪਰਾਲੀ ਦਾ ਨਿਪਟਾਰਾ ਕਰਨ ਵਾਲੀਆਂ ਮਸ਼ੀਨਰੀਆਂ ਦੀ ਵਰਤੋਂ ਨਹੀਂ ਵੀ ਕਰਨੀ ਤਾਂ ਅਸੀਂ ਪਰਾਲੀ ਨੂੰ ਇਕੱਠੀ ਕਰਕੇ, ਇਸ ’ਤੇ ਦੋ ਤੋਂ ਤਿੰਨ ਫ਼ੀਸਦੀ ਯੂਰੀਏ ਦੇ ਘੋਲ ਦਾ ਛਿੜਕਾਅ ਕਰਕੇ ਜਾਂ ਪਸ਼ੂਆਂ ਦਾ ਪਿਸ਼ਾਬ ਸੁੱਟ ਕੇ, ਇਸ ਦਾ ਕੁਦਰਤੀ ਖਾਦ (ਢੇਰ) ਵੀ ਬਣਾ ਸਕਦੇ ਹਾਂ ਜੋ ਕਿ ਜ਼ਮੀਨ ਲਈ ਬਹੁਤ ਹੀ ਉਪਯੋਗੀ ਹੁੰਦਾ ਹੈ।

ਉਨ੍ਹਾਂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਰਾਹੀਂ ਸਰਕਾਰ ਵੱਲੋਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ, ਲੋੜ ਤੋਂ ਵਧੇਰੇ ਖੇਤੀ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਪ੍ਰਤੀ ਸੁਚੇਤ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਤਕਨੀਕ ਦੇ ਨਾਲ-ਨਾਲ ਜਾਗਰੂਕਤਾ ਵੀ ਅਹਿਮ ਹੈ।