‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ‘ਚ ‘ਉਨਤੀ’ ਨੇ ਲਿਆਂਦੀ ਨਵੀਂ ਕ੍ਰਾਂਤੀ

  • ਸਹਿਕਾਰੀ ਸਭਾ ਉਨਤੀ ਨੇ ਸਰਕਾਰੀ ਸਕੂਲਾਂ ਦੇ ਪਖਾਨੇ ਸਾਫ ਕਰਨ ਦਾ ਚੁੱਕਿਆ ਬੀੜਾ, ਹੁਣ ਤੱਕ 172 ਪਖਾਨਿਆਂ ਦੀ ਕਰਵਾ ਚੁੱਕੀ ਹੈ ਸਫ਼ਾਈ 
  • ਤਲਵਾੜਾ ਦੇ 87 ਸਰਕਾਰੀ ਸਕੂਲਾਂ ‘ਚ ਸਵੱਛਤਾ ਦਾ ਜਾਗ ਲਾਉਣ ਉਪਰੰਤ ਹੁਣ ਹਾਜੀਪੁਰ ਦੇ 85 ਸਕੂਲਾਂ ਦੇ ਪਖਾਨਿਆਂ ਨੂੰ ਬਣਾਇਆ ਜਾ ਰਿਹੈ ਸਵੱਛ


‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਪਹਿਲ ਕਰਦੇ ਹੋਏ ਹੁਸ਼ਿਆਰਪੁਰ ਦੀ ਉਨਤੀ ਸਹਿਕਾਰੀ ਸਭਾ ਨੇ ਉਹ ਕਰ ਦਿਖਾਇਆ, ਜੋ ਨਾ ਸਿਰਫ਼ ਜਿਲ੍ਹੇ ਲਈ ਬਲਕਿ ਪੂਰੇ ਸੂਬੇ ਦੀਆਂ ਸਹਿਕਾਰੀ ਸਭਾਵਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਜਿਲ੍ਹੇ ਦੇ ਤਲਵਾੜਾ ਵਿੱਚ ਕੰਮ ਕਰ ਰਹੀ ਉਨਤੀ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸਹਿਕਾਰੀ ਸਭਾ ਵਲੋਂ ਪੰਜਾਬ ਸਰਕਾਰ ਦੇ ਬੇਹਤਰੀਨ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ‘ਉਨਤੀ ਸਵੱਛ ਸਕੂਲ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਪਖਾਨਿਆਂ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਹੁਣ ਤੱਕ ਸਭਾ ਵਲੋਂ ਲਗਭਗ 172 ਦੇ ਕਰੀਬ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੀ ਸਫ਼ਾਈ ਕਰਵਾਈ ਜਾ ਚੁੱਕੀ ਹਨ।

123ਉਨਤੀ ਸਹਿਕਾਰੀ ਸਭਾ ਦੇ ਜਨਰਲ ਮੈਨੇਜਰ ਸ੍ਰੀ ਜਿਓਤੀ ਸਰੂਪ ਨੇ ਦੱਸਿਆ ਕਿ ਸਭਾ ਵਲੋਂ ਤਲਵਾੜਾ ਦੇ 97 ਸਕੂਲਾਂ ਵਿੱਚੋਂ 87 ਸਰਕਾਰੀ ਸਕੂਲਾਂ ਵਿੱਚ ਪਖਾਨਿਆਂ ਦੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਭਾ ਵਲੋਂ ਨਿਯੁਕਤ ਕਰਮਚਾਰੀ ਸ੍ਰੀ ਅਮਰਜੀਤ ਸਿੰਘ ਵਲੋਂ ਰੋਜ਼ਾਨਾ 6 ਤੋਂ 7 ਸਕੂਲਾਂ ਦੀ ਸਫ਼ਾਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸਾਡੇ ਇਸ ਯਤਨ ਵਿੱਚ ਜਾਗਰੂਕਤਾ ਸ਼ੁਰੂ ਹੋਈ, ਤਾਂ ਉਕਤ ਸਾਰੇ ਸਰਕਾਰੀ ਸਕੂਲਾਂ ਨੇ ਆਪਣੇ ਪੱਧਰ ‘ਤੇ ਪਖਾਨਿਆਂ ਦੀ ਸਫ਼ਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਹੁਣ ਹਾਜੀਪੁਰ ਬਲਾਕ ਵੱਲ ਕਦਮ ਵਧਾਉਂਦੇ ਹੋਏ 98 ਸਰਕਾਰੀ ਸਕੂਲਾਂ ਵਿੱਚ 85 ਸਰਕਾਰੀ ਸਕੂਲਾਂ ਵਿੱਚ ਉਨਤੀ ਸਵੱਛ ਮੁਹਿੰਮ ਤਹਿਤ ਪਖਾਨਿਆਂ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾ ਰਹੀ ਹੈ, ਜਿਸ ‘ਤੇ ਪ੍ਰਤੀ ਮਹੀਨਾ 17-18 ਹਜ਼ਾਰ ਰੁਪਏ ਦਾ ਖਰਚ ਆ ਜਾਂਦਾ ਹੈ। ਇਸ ਮੁਹਿੰਮ ਤਹਿਤ ਸਭਾ ਦਾ ਕਰਮਚਾਰੀ ਨਾ ਸਿਰਫ਼ ਸਕੂਲ ਦੇ ਪਖਾਨੇ ਸਾਫ਼ ਕਰਦਾ ਹੈ, ਬਲਕਿ ਸਕੂਲ ਹੈਡ ਤੋਂ ਇਕ ਫਾਰਮ ਵੀ ਭਰਵਾਉਂਦਾ ਹੈ, ਜਿਸ ਵਿੱਚ ਸਕੂਲ ਦਾ ਨਾਮ, ਸਫ਼ਾਈ ਦੀ ਮਿਤੀ, ਸਫਾਈ ਕਰਮਚਾਰੀ ਦੇ ਸਕੂਲ ਆਉਣ ਤੇ ਜਾਣ ਦਾ ਸਮਾਂ, ਪਖਾਨੇ ਦੀ ਸਫ਼ਾਈ ਸਬੰਧੀ ਕਮੈਂਟਸ ਤੇ ਸੁਝਾਅ ਆਦਿ ਦਾ ਜ਼ਿਕਰ ਹੁੰਦਾ ਹੈ।

ਸ਼੍ਰੀ ਜਿਓਤੀ ਸਰੂਪ ਨੇ ਦੱਸਿਆ ਕਿ ਕੰਮ ਵਿੱਚ ਪਾਰਦਰਸ਼ਤਾ ਤੇ ਨਿਪੁੰਨਤਾ ਲਿਆਉਣ ਲਈ ਇਸ ਫਾਰਮ ਨੂੰ ਭਰਿਆ ਜਾਂਦਾ ਹੈ, ਤਾਂ ਕਿ ਕੋਈ ਕਮੀ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਉਨਤੀ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸਹਿਕਾਰੀ ਸਭਾ ਲਿਮਟਿਡ ਤਲਵਾੜਾ ਵਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਹਿਕਾਰੀ ਸਭਾ ਵਲੋਂ ਇਥੇ ਪੈਦਾ ਹੋਣ ਵਾਲਾ ਆਂਵਲਾ, ਹਰੜ, ਬਹੇੜਾ ਆਦਿ ਤੋਂ ਜੂਸ, ਮੁਰੱਬਾ, ਕੈਂਡੀ, ਸਿਰਕਾ ਆਦਿ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਭਾ ਵਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਲੈਮਨ ਗਰਾਸ ਅਤੇ ਹੋਰ ਬਦਲਵੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਉਨਤੀ ਸਹਿਕਾਰੀ ਸਭਾ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਯਤਨ ਨੂੰ ਇਕ ਸਮਾਜਿਕ ਕ੍ਰਾਂਤੀਕਾਰੀ ਬਦਲਾਅ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤਾ ਗਿਆ ਇਹ ਇਕ ਅਨੋਖਾ ਕਾਰਜ ਹੈ ਅਤੇ ਸਹਿਕਾਰੀ ਸਭਾਵਾਂ ਦਾ ਇਸ ਤਰ੍ਹਾਂ ਦੀ ਸੇਵਾ ਭਾਵਨਾ ਵਾਲੇ ਕੰਮਾਂ ਵਿੱਚ ਅੱਗੇ ਆਉਣਾ ਇਕ ਚੰਗੀ ਪਹਿਲ ਹੈ। ਉਨ੍ਹਾਂ ਸਰਕਾਰੀ ਸਕੂਲ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੱਧਰ ‘ਤੇ ਵੀ ਇਸ ਤਰ੍ਹਾਂ ਦੇ ਯਤਨ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਾਨੀ-ਸੱਜਣ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਸ਼ੁਰੂ ਕੀਤੀ ‘ਸਵੱਛ ਸਕੂਲ ਮੁਹਿੰਮ’ ਨੂੰ ਅੱਗੇ ਤੱਕ ਲਿਜਾਣ ਲਈ ਸਕੂਲਾਂ ਨੂੰ ਅਡਾਪਟ ਕਰ ਸਕਦੇ ਹਨ।

Advertisements

ਮਿਸ਼ਨ ਤੰਦਰੁਸਤ ਪੰਜਾਬ; ਜਾਅਲੀ ਖੇਤੀ ਦਵਾਈਆਂ ਨੂੰ ਨੱਥ ਪਾਉਣ ਸਦਕਾ ਨਹੀਂ ਲੱਗੀ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ

Govt Tandrust



ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਜਾਂ ਸਬ-ਸਟੈਂਡਰਡ ਦਵਾਈਆਂ ਕਿਸਾਨਾਂ ਨੂੰ ਵੇਚਣ ਵਾਲੇ ਖੇਤੀਬਾੜੀ ਦਵਾਈਆਂ ਦੇ ਡੀਲਰਾਂ ਵਿਰੁੱਧ ਇਸ ਸਾਲ ਸਾਉਣੀ ਦੌਰਾਨ ਦੋ-ਪੱਖੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਜਿੱਥੇ ਇਹ ਲਾਜ਼ਮੀ ਬਣਾਇਆ ਗਿਆ ਕਿ ਕੋਈ ਵੀ ਖੇਤੀ ਦਵਾਈਆਂ ਦਾ ਡੀਲਰ ਕਿਸਾਨ ਨੂੰ ਬਿਨਾਂ ਪੱਕੇ ਬਿੱਲ ਤੋਂ ਖੇਤੀ ਸਬੰਧੀ ਦਵਾਈ  ਨਹੀਂ ਵੇਚੇਗਾ। ਇਸ ਦੌਰਾਨ ਫੀਲਡ ਵਿੱਚ ਕੰਮ ਕਰਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਪੱਧਰ ਅਤੇ ਡੀਲਰਾਂ ਦੇ ਪੱਧਰ ‘ਤੇ ਜਾ ਕੇ ਦਵਾਈਆਂ ਦੇ ਬਿੱਲ ਚੈਕ ਕੀਤੇ ਗਏ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਪੰਜਾਬ ਵਿੱਚ ਕੋਈ ਵੀ ਦਵਾਈ ਜਾਂ ਬੀਜ ਬਿਨਾਂ ਬਿੱਲ ਤੋਂ ਨਾ ਵਿਕੇ । ਇਸ ਕਾਰਨ ਪ੍ਰਮਾਣਿਤ ਅਤੇ ਮਿਆਰੀ ਬੀਜ ਅਤੇ ਦਵਾਈਆਂ ਦੀ ਵਿਕਰੀ ਹੀ ਇਸ ਸਾਲ ਪੰਜਾਬ ਵਿੱਚ ਸੁਨਿਸ਼ਚਿਤ ਕਰਵਾਈ ਗਈ।

ਦੂਜੇ ਪਾਸੇ ਵਿਭਾਗ ਵੱਲੋਂ ਲਗਾਤਾਰ ਖੇਤੀ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ ਕਰਦੇ ਹੋਏ 8000 ਰਜਿਸਟਰਡ ਡੀਲਰਾਂ ਵਿੱਚੋਂ ਲਗਭਗ 5000 ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ 1798 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 80 ਨਮੂਨੇ ਫੇਲ ਹੋਏ ਅਤੇ ਫੇਲ ਹੋਏ ਨਮੂਨਿਆਂ ਵਾਲੀਆਂ ਦਵਾਈਆਂ ਵੇਚਣ ਵਾਲੇ ਡੀਲਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਖੇਤੀ ਦਵਾਈਆਂ ਦੇ ਵੱਡੇ ਸਟੋਰਾਂ ਦੀ ਕੁਆਲਿਟੀ ‘ਤੇ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਵਲੋਂ ਸਿੱਧੀ ਨਿਗਰਾਨੀ ਰੱਖੀ ਗਈ। ਸੀਨੀਅਰ ਅਧਿਕਾਰੀਆਂ ਦੁਆਰਾ ਇਨ੍ਹਾਂ ਵੱਡੇ ਸਟੋਰਾਂ ਦੀ ਲਗਾਤਾਰ ਜਾਂਚ ਕੀਤੀ ਗਈ ਅਤੇ ਸਮੇਂ-ਸਮੇਂ ਤੇ ਦਵਾਈਆਂ ਦੇ ਨਮੂਨੇ ਵੀ ਭਰੇ ਗਏ ।

ਇਸ ਮੁਹਿੰਮ ਦੌਰਾਨ ਵਿਸ਼ੇਸ਼ ਕੈਂਪ ਲਗਾ ਕੇ ਕਿਸਾਨਾਂ ਨੂੰ ਵੀ ਜਾਅਲੀ ਜਾਂ ਗੈਰਮਿਆਰੀ ਦਵਾਈਆਂ ਦੀ ਵਰਤੋਂ ਜਾਂ ਫਿਰ ਜ਼ਰੂਰਤ ਤੋਂ ਵੱਧ ਦਵਾਈਆਂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਨਾਲ ਉਨ੍ਹਾਂ ਨੂੰ ਬਾਸਮਤੀ ਵਰਗੀਆਂ ਚਾਵਲ ਦੀਆਂ ਕਿਸਮਾਂ ਦੀ ਪੈਦਾਵਾਰ ਦੌਰਾਨ ਜਿਆਦਾ ਕੀਟਨਾਸ਼ਕ ਜਾਂ ਜੜ੍ਹੀ-ਬੂਟੀ ਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਇਸ ਚਾਵਲ ਨੂੰ ਅੰਤਰਰਾਸ਼ਟਰੀ ਬਾਜਾਰ ਵਿੱਚ ਵੇਚਣ ਮੌਕੇ ਆਉਣ ਵਾਲੀਆਂ ਔਕੜਾਂ ਬਾਰੇ ਜਾਣਕਾਰੀ ਦਿੱਤੀ ਗਈ। ਇੰਨ੍ਹਾਂ ਕੈਂਪਾਂ ਰਾਹੀਂ ਦਿੱਤੀ ਗਈ ਜਾਣਕਾਰੀ ਕਾਰਨ ਪੰਜਾਬ ਦੇ ਕਿਸਾਨ ਵੀ ਇਹ ਭਲੀਭਾਂਤ ਸਮਝਣ ਲੱਗੇ ਹਨ ਕਿ ਉਨ੍ਹਾਂ ਦੀਆਂ ਫਸਲਾਂ ਦਾ ਵਧੀਆ ਮੁੱਲ ਫਿਰ ਹੀ ਮਿਲੇਗਾ ਜੇਕਰ ਇਹ ਸਿਹਤਮੰਦ ਹੋਣਗੀਆਂ।

ਇਸ ਦੇ ਸਿੱਟੇ ਵਜੋਂ ਇਸ ਸਾਲ ਦਵਾਈਆਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹੋਈ ਅਤੇ ਪੰਜਾਬ ਵਿੱਚ ਕਿਸੇ ਵੀ ਥਾਂ ਤੇ ਫਸਲਾਂ ਨੂੰ ਕੋਈ ਵੱਡੀ ਬਿਮਾਰੀ ਜਾਂ ਕੀੜਾ ਨਹੀਂ ਲੱਗਾ। ਜਿਸ ਕਾਰਨ ਇਸ ਸਾਲ ਪੰਜਾਬ ਵਿੱਚ ਸਾਉਣੀ ਦੀ ਫਸਲ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਹੈ।

This slideshow requires JavaScript.

ਤੰਦਰੁਸਤ ਪੰਜਾਬ ਮੁਹਿੰਮ ਸਦਕਾ ਡੀ.ਏ.ਪੀ ਅਤੇ ਯੂਰੀਆ ਦੀ ਘੱਟ ਵਰਤੋਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹੋਈ 200 ਕਰੋੜ ਰੁਪਏ ਦੀ ਬਚਤ

Govt-Tandrust-Punjab-Postਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਨਾਉਣ ਲਈ ਚਲਾਈ ਗਈ ਮੁਹਿੰਮ ਸਦਕਾ ਜਿੱਥੇ ਸਿਰਫ 100 ਦਿਨਾਂ ਅੰਦਰ ਹੀ ਦੁੱਧ, ਦੁੱਧ ਉਤਪਾਦਾਂ, ਫਲ-ਸਬਜੀਆਂ ਅਤੇ ਹੋਰ ਖਾਣਪੀਣ ਦੀਆਂ ਵਸਤਾਂ ਦੇ ਮਿਆਰ ਨੂੰ ਸੁਧਾਰਣ ਲਈ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਹਨ ਉਥੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡੀ.ਏ.ਪੀ. ਅਤੇ ਯੂਰੀਆ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਸਦਕਾ ਪੰਜਾਬ ਦੇ ਕਿਸਾਨਾਂ ਦੀ 200 ਕਰੋੜ ਰੁਪਏ ਦੇ ਦੀ ਬਚਤ ਹੋਈ ਹੈ।

ਖੇਤੀਬਾੜੀ ਵਿਭਾਗ ਵੱਲੋਂ ਪਾਇਆ ਗਿਆ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੇ ਖੇਤਾਂ ਵਿੱਚ ਡੀ.ਏ.ਪੀ. ਖਾਦ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਪੰਜਾਬ ਦੇ ਕਿਸਾਨ ਝੋਨੇ ਲਈ ਲਗਭਗ 50 ਹਜਾਰ ਟਨ ਡੀ.ਏ.ਪੀ. ਦੀ ਬੇਲੋੜੀ ਵਰਤੋਂ ਕਰਦੇ ਹਨ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ।

ਸੂਬੇ ਦੇ ਕਿਸਾਨਾਂ ਵੱਲੋਂ ਝੋਨੇ ਵਿੱਚ ਪਿਛਲੇ ਸਾਲ ਦੇ 50 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਦੀ ਥਾਂ ਇਸ ਸਾਲ ਕੇਵਲ 12 ਹਜਾਰ ਟਨ ਡੀ.ਏ.ਪੀ. ਦੀ ਵਰਤੋਂ ਕੀਤੀ ਗਈ ਅਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਡੀ.ਏ.ਪੀ. ਦੀ ਘੱਟ ਵਰਤੋਂ ਕੀਤੀ ਗਈ। ਇਸ ਨਾਲ ਡੀ.ਏ.ਪੀ ਦੀ ਖਰੀਦ ਅਤੇ ਇਨ ਨੂੰ ਖੇਤਾਂ ਵਿੱਚ ਪਾਉਣ ਤੇ ਹੋਣ ਵਾਲੇ ਲਗਭਗ 100 ਕਰੋੜ ਰੁਪਏ ਦੇ ਬੇਲੋੜੇ ਖਰਚੇ ਦੀ ਬਚਤ ਹੋਈ।

ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਵਿੱਚ 2 ਥੈਲੇ ਯੂਰੀਆ ਖਾਦ ਪ੍ਰਤੀ ਏਕੜ ਤੋਂ ਵੱਧ ਨਹੀਂ ਵਰਤਣੇ ਚਾਹੀਦੇ ਜਦੋਂ ਕਿ ਪੰਜਾਬ ਦੇ ਕਿਸਾਨਾਂ ਵੱਲੋਂ 3 ਤੋਂ 4 ਥੈਲੇ ਯੂਰੀਆ ਖਾਦ ਦੀ ਝੋਨੇ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਪਾਇਆ ਗਿਆ ਕਿ 2 ਥੈਲੇ ਤੋਂ ਵੱਧ ਯੂਰੀਆ ਪਾਉਣ ਨਾਲ ਜਿੱਥੇ ਕਿਸਾਨ ਦਾ ਖਰਚਾ ਵੱਧ ਹੁੰਦਾ ਹੈ ਅਤੇ ਧਰਤੀ ਵਿੱਚ ਰਸਾਇਣਾਂ ਦੀ ਵੱਧ ਮਿਕਦਾਰ ਇਕੱਠੀ ਹੁੰਦੀ ਹੈ, ਉਥੇ ਜਿਆਦਾ ਯੂਰੀਆ ਪਾਏ ਝੋਨੇ ਦੇ ਪੱਤਿਆਂ ਤੇ ਕੀੜੇ-ਮਕੌੜਿਆਂ ਦਾ ਵੱਧ ਹਮਲਾ ਹੁੰਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਇਸ ਸਾਲ ਪੰਜਾਬ ਵਿੱਚ ਪਹਿਲੀ ਵਾਰ ਯੂਰੀਆ ਦੀ ਖਪਤ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 1 ਲੱਖ 30 ਹਜਾਰ ਟਨ ਯੂਰੀਆ ਖਾਦ ਘੱਟ ਵਰਤੀ ਗਈ ਹੈ, ਜਿਸ ਦੀ ਬਜਾਰੀ ਕੀਮਤ ਲਗਭਗ 80 ਕਰੋੜ ਰੁਪਏ ਬਣਦੀ ਹੈ ਅਤੇ ਜੇਕਰ ਇਸ ਖਾਦ ਨੂੰ ਖੇਤਾਂ ਵਿੱਚ ਛੱਟਾ ਦੇਣ ਦੀ ਕੀਮਤ ਵੀ ਜੋੜੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਸਾਨਾਂ ਨੂੰ ਲਗਭਗ 100 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ।