ਪੰਜਾਬ ਸਰਕਾਰ ਵੱਲੋ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਰੁਪਏ ਖਰਚ ਕਰ ਕੇ ਰਾਜ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੈਰ ਸਪਾਟੇ ਦੇ ਸਥਾਨ ਵਜੋਂ ਉਭਾਰਿਆ ਜਾਵੇਗਾ।
ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰੀਕੇ ਵੈਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਮਾਹਿਰਾਂ ਵੱਲੋਂ ਇਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕਿ ਵਾਤਾਵਰਣ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਉਨਾਂ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਇਥੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਚਨਾ ਸੈਂਟਰ, ਬਰਡ ਵਾਚ ਟਾਵਰ, ਪੰਛੀਆਂ ਦੀਆਂ ਰੱਖਾਂ ਅਤੇ ਨਿਗਰਾਨੀ ਟਾਵਰ ਤੋਂ ਇਲਾਵਾ ਕੰਟੀਨ ਤੇ ਪਾਰਕਿੰਗ ਆਦਿ ਬਣਾਏ ਜਾ ਰਹੇ ਹਨ।
ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਹਰੀਕੇ ਵੈੱਟਲੈਂਡ ਵਿਖੇ ਹਰ ਸਾਲ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ, ਇਸ ਸਾਲ ਇਥੇ ਰਿਕਾਰਡ ਲੱਗਭੱਗ 1 ਲੱਖ 25 ਹਜ਼ਾਰ ਪੰਛੀਆਂ ਦੀ ਆਮਦ ਹੋਈ ਹੈ। ਉਨਾਂ ਦੱਸਿਆ ਕਿ ਬਹੁਤ ਜਲਦੀ ਹੀ ਸੈਲਾਨੀਆਂ ਲਈ ਈ ਰਿਕਸ਼ਾ, ਸਾਈਕਲ ਅਤੇ ਬੋਟਿੰਗ ਆਦਿ ਸਹੂਲਤਾਂ ਤੋਂ ਇਲਾਵਾ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਉਨਾਂ ਕਿਹਾ ਕਿ ਹਰੀਕੇ ਵੈਟਲੈਂਡ ਵਿਖੇ ਜੰਗਲੀ ਜੜ੍ਹੀ ਬੂਟੀ ਨੂੰ ਹਟਾ ਕੇ ਵਾਟਰ ਲਿੱਲੀ ਅਤੇ ਕਮਲ ਆਦਿ ਦੇ ਬੂਟੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਮਸਰ ਗਾਈਡਲਾਈਨ ਅਨੁਸਾਰ ਹਰੀਕੇ ਵੈਟਲੈਂਡ ਨੂੰ ਪਹਿਲੇ ਨੰਬਰ ਦੀ ਰਮਸਰ ਵੈਟਲੈਂਡ ਦਾ ਦਰਜਾ ਦਿੱਤਾ ਗਿਆ ਹੈ।
ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਵਿਰਾਸਤੀ, ਸੱਭਿਆਚਾਰਕ, ਮੈਡੀਕਲ, ਧਾਰਮਿਕ ਅਤੇ ਈਕੋ ਟੂਰੀਜ਼ਮ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਹਰੀਕੇ ਜਲਗਾਹ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ 6 ਮਹੀਨਿਆਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 3 ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।